ਮਥੁਰਾ ਤੋਂ ਅਗਵਾ ਹੋਇਆ ਬੱਚਾ, ਅਗਵਾਕਾਰਾਂ ਨੇ ਮੰਗੀ 6 ਲੱਖ ਦੀ ਫਿਰੌਤੀ, ਪੁਲਸ ਨੇ ਇੰਝ ਛੁਡਵਾਇਆ
Monday, Mar 14, 2022 - 12:41 PM (IST)
ਮਥੁਰਾ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਮਥੁਰਾ ’ਚ ਪੁਲਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਮਹਿਜ 48 ਘੰਟਿਆਂ ਦੇ ਅੰਦਰ ਅਗਵਾ ਹੋਏ ਇਕ 8 ਸਾਲ ਦੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਵਾਇਆ ਹੈ। ਦਰਅਸਲ ਸ਼ੁੱਕਰਵਾਰ ਨੂੰ ਘਰ ਦੇ ਬਾਹਰ ਖੇਡਦੇ ਸਮੇਂ ਗਾਇਬ ਹੋਏ ਬੱਚੇ ਨੂੰ ਫਿਰੋਜ਼ਾਬਾਦ ਤੋਂ ਬਰਾਮਦ ਕਰ ਲਿਆ ਹੈ ਅਤੇ ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਓਧਰ ਐੱਸ. ਐੱਸ. ਪੀ. ਡਾ. ਗੌਰਵ ਗ੍ਰੋਵਰ ਨੇ ਦੱਸਿਆ ਕਿ ਗੋਵਿੰਦ ਨਗਰ ਥਾਣਾ ਖੇਤਰ ਦੇ ਜਮੁਨਾ ਨਗਰ ਮੁਹੱਲਾ ਵਾਸੀ ਆਟੋ ਡਰਾਈਵਰ ਪਰਾਮਨੰਦ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ 8 ਸਾਲਾ ਬੱਚਾ ਅੰਸ਼ ਘਰ ਦੇ ਬਾਹਰ ਖੇਡਦੇ ਸਮੇਂ ਲਾਪਤਾ ਹੋ ਗਿਆ ਹੈ ਅਤੇ ਇਕ ਵਿਅਕਤੀ ਬੱਚੇ ਨੂੰ ਛੱਡਣ ਦੇ ਏਵਜ਼ ’ਚ ਉਸ ਤੋਂ ਫੋਨ ’ਤੇ 6 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ
ਐੱਸ. ਐੱਸ. ਪੀ. ਨੇ ਕਿਹਾ ਕਿ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਸ ਐਕਸ਼ਨ ’ਚ ਆ ਗਈ ਅਤੇ ਮਾਮਲੇ ’ਚ ਜਾਂਚ ਲਈ 7 ਮੈਂਬਰੀ ਟੀਮ ਬਣਾਈ। ਸੀ. ਸੀ. ਟੀ. ਵੀ. ਫੁਟੇਜ ਖੰਗਾਲਿਆ ਗਿਆ। ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ’ਚ 3 ਵਿਅਕਤੀ ਅੰਸ਼ ਨੂੰ ਲੈ ਕੇ ਜਾਂਦੇ ਹੋਏ ਵਿਖਾਈ ਦਿੱਤੇ। ਦੋਸ਼ੀਆਂ ਦੀ ਤਲਾਸ਼ ਦੌਰਾਨ ਪਤਾ ਲੱਗਾ ਕਿ ਅੰਸ਼ ਨੂੰ ਫਿਰੋਜ਼ਾਬਾਦ ਬਸ ਸਟੈਂਡ ’ਤੇ ਵੇਖਿਆ ਗਿਆ ਹੈ। ਜਿਸ ਤੋਂ ਬਾਅਦ ਪੁਲਸ ਫਿਰੋਜ਼ਾਬਾਦ ਪਹੁੰਚੀ, ਜਿੱਥੇ ਅਗਵਾਕਾਰਾਂ ਨੇ ਬੱਚੇ ਨੂੰ ਰੱਖਿਆ ਹੋਇਆ ਸੀ। ਪੁਲਸ ਨੇ ਨਾ ਸਿਰਫ ਬੱਚੇ ਨੂੰ ਸੁਰੱਖਿਅਤ ਬਚਾਇਆ ਸਗੋਂ ਇਸ ਘਟਨਾ ’ਚ ਸ਼ਾਮਲ ਇਕ ਦੋਸ਼ੀ ਨੂੰ ਵੀ ਹਿਰਾਸਤ ’ਚ ਲਿਆ।
ਇਹ ਵੀ ਪੜ੍ਹੋ: ਜਹਾਜ਼ ’ਚ ਯਾਤਰੀ ਦੀ ਵਿਗੜੀ ਸਿਹਤ ਤਾਂ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ, ਫਿਰ ਵੀ ਨਹੀਂ ਬਚੀ ਜਾਨ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਕ ਹੋਰ ਟੀਮ ਨੇ ਮੁੱਖ ਅਗਵਾਕਾਰ ਦਾ ਪਤਾ ਲਾ ਕੇ ਉਸ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਅਜੇ ਪੁੱਛ-ਗਿੱਛ ਜਾਰੀ ਹੈ। ਓਧਰ ਅੰਸ਼ ਦੇ ਮਿਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦੀ ਲਹਿਰ ਹੈ। ਬੇਟੇ ਨੂੰ ਗਲ ਲਾਉਣ ਮਗਰੋਂ ਉਸ ਦੀ ਮਾਂ ਬਹੁਤ ਖੁਸ਼ ਹੈ ਅਤੇ ਪੁਲਸ ਦਾ ਧੰਨਵਾਦ ਕਰਦੀ ਨਹੀਂ ਥੱਕ ਰਹੀ।
ਇਹ ਵੀ ਪੜ੍ਹੋ: ਮਾਈਨਸ ਤਾਪਮਾਨ ਦਰਮਿਆਨ ਬਰਫ਼ ’ਤੇ ITBP ਦੇ ਜਵਾਨਾਂ ਨੇ ਖੇਡੀ ਕਬੱਡੀ, ਵੀਡੀਓ ਵਾਇਰਲ