ਮਾਤਾ ਵੈਸ਼ਨੋ ਦੇਵੀ: ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਨਵੇਂ ਬਣੇ ਦੁਰਗਾ ਭਵਨ ’ਚ ਮੁਫ਼ਤ ’ਚ ਠਹਿਰ ਸਕਣਗੇ ਸ਼ਰਧਾਲੂ
Friday, Sep 02, 2022 - 04:33 PM (IST)

ਜੰਮੂ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂਆਂ ਨੂੰ ਮਾਤਾ ਦੇ ਭਵਨ ’ਤੇ ਫਰੀ ’ਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਮਾਤਾ ਦੇ ਭਵਨ ’ਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ‘ਦੁਰਗਾ ਭਵਨ’ ਤਿਆਰ ਕੀਤਾ ਜਾ ਰਿਹਾ ਹੈ। ਇਸ ਭਵਨ ’ਚ 3000 ਤੋਂ ਵੱਧ ਸ਼ਰਧਾਲੂ ਫਰੀ ’ਚ ਠਹਿਰ ਸਕਣਗੇ।
25 ਸਤੰਬਰ ਨੂੰ ਇਸ ਦੁਰਗਾ ਭਵਨ ਦਾ ਉਦਘਾਟਨ ਕੀਤਾ ਜਾਵੇਗਾ। ਇਸ ਇਮਾਰਤ ’ਚ ਰੋਜ਼ਾਨਾ ਕਰੀਬ 3,000 ਲੋਕ ਠਹਿਰਣਗੇ ਅਤੇ ਇਹ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਕ ਵੱਡਾ ਤੋਹਫ਼ਾ ਹੋਵੇਗਾ। ਦਰਅਸਲ ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਸ਼ਰਧਾਲੂਆਂ ਦੇ ਠਹਿਰਣ ਲਈ ਕਈ ਰਿਹਾਇਸ਼ੀ ਭਵਨਾਂ ਦੀ ਵਿਵਸਥਾ ਹੈ। ਇਸ ’ਚ ਮੁੱਖ ਭਵਨ ਕੰਪਲੈਕਸ, ਕਾਲਿਕਾ ਭਵਨ, ਨਿਊ ਕਾਲਿਕਾ ਭਵਨ, ਵੈਸ਼ਨਵੀ ਅਤੇ ਗੌਰੀ ਭਵਨ, ਮਨੋਕਾਮਨਾ ਭਵਨ ਆਦਿ ’ਚ ਕਿਰਾਏ ਦਾ ਪ੍ਰਬੰਧ ਹੈ। ਜਿਸ ’ਚ ਸ਼ਰਧਾਲੂ ਪਹਿਲਾਂ ਤੋਂ ਹੀ ਬੁਕਿੰਗ ਕਰਵਾ ਕੇ ਠਹਿਰ ਸਕਦੇ ਹਨ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਉੱਥੇ ਹੀ ਦੂਜੇ ਪਾਸੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ RFID ਕਾਰਡ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਸ਼ਰਧਾਲੂ ਹਰ ਸਮੇਂ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਨਜ਼ਰ ਵਿਚ ਰਹਿਣਗੇ। ਬੋਰਡ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਇਮਾਰਤ ਜਾਂ ਰਸਤੇ ’ਚ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਦੀ ਸਥਿਤੀ ਵਿਚ ਯਾਤਰੀਆਂ ਨੂੰ ਲੱਭਣਾ ਮੁਸ਼ਕਲ ਨਾ ਹੋਵੇ। ਇਸ ਦੇ ਲਈ ਕਟੜਾ ਤੋਂ ਭਵਨ ਤੱਕ ਤਿੰਨ ਮਾਰਗਾਂ 'ਤੇ ਸੈਂਸਰ ਲਗਾਏ ਗਏ ਹਨ। ਇਸ ਦੇ ਨਾਲ ਹੀ 25 RFID ਕਾਊਂਟਰ ਖੋਲ੍ਹੇ ਗਏ ਹਨ। ਕਟੜਾ ਅਤੇ ਭਵਨ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕੀਤਾ ਜਾਵੇਗਾ ‘ਟਰੈਕ’, ਸ਼ੁਰੂ ਕੀਤੀ ਗਈ ਖ਼ਾਸ ਸਹੂਲਤ
ਦੱਸ ਦੇੇਈਏ ਕਿ ਵੈਸ਼ਨੋ ਦੇਵੀ ਭਵਨ 'ਤੇ ਕਈ ਮੌਕਿਆਂ 'ਤੇ ਪਹਾੜਾਂ ਤੋਂ ਢਿੱਗਾਂ ਡਿੱਗਣ ਜਾਂ ਪੱਥਰਾਂ ਡਿੱਗਣ ਕਾਰਨ ਸ਼ਰਾਈਨ ਬੋਰਡ ਨੂੰ ਭੀੜ ਨੂੰ ਕਾਬੂ ਕਰਨ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ 1 ਜਨਵਰੀ ਨੂੰ ਮਾਤਾ ਦੇ ਦਰਬਾਰ 'ਚ ਭਾਜੜ ਮੱਚ ਗਈ ਸੀ, ਜਿਸ 'ਚ ਕਰੀਬ 12 ਲੋਕਾਂ ਦੀ ਜਾਨ ਚਲੀ ਗਈ ਸੀ। ਹੁਣ ਇਹ ਕਾਰਡ ਹਰ ਯਾਤਰੀ ਨੂੰ ਭਾਜੜ ਅਤੇ ਤਬਾਹੀ ਤੋਂ ਬਚਾਉਣ ਲਈ ਮਹੱਤਵਪੂਰਨ ਹੋਵੇਗਾ।