ਜ਼ਬਰਦਸਤ ਧਮਾਕੇ ਨਾਲ ਕੰਬਿਆ ਇਹ ਸੂਬਾ, ਲੋਕਾਂ ''ਚ ਮਚੀ ਹਫੜਾ-ਦਫੜੀ
Tuesday, May 13, 2025 - 05:49 PM (IST)

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਵਿਚਕਾਰ ਮੰਗਲਵਾਰ ਸਵੇਰੇ 9 ਵਜੇ ਗੋਰਖਪੁਰ ਜ਼ਿਲ੍ਹੇ ਦੇ ਦੱਖਣੀ ਇਲਾਕੇ 'ਚ ਜੋ ਕਰੀਬ 30 ਕਿਲੋਮੀਟਰ ਤੋਂ ਵੀ ਜ਼ਿਆਦਾ ਖੇਤਰ 'ਚ ਫੈਲਿਆ ਹੋਇਆ ਹੈ, ਇਕ ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਕੰਬ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਆਜ਼ਮਗੜ੍ਹ ਜ਼ਿਲ੍ਹੇ ਤਕ ਸੁਣਾਈ ਦਿੱਤੀ, ਜਿਸ ਨਾਲ ਉਥੇ ਦੀਆਂ ਇਮਾਰਤਾਂ ਵੀ ਕੰਬ ਗਈਆਂ। ਦਹਿਸ਼ਤ 'ਚ ਆਏ ਲੋਕ ਇਧਰ-ਉਧਰ ਦੌੜਦੇ ਨਜ਼ਰ ਆਏ। ਗੋਰਖਪੁਰ ਦੱਖਣੀ ਦੇ ਖਜਨੀ, ਬਾਂਸਗਾਂਓ, ਗੋਲਾ, ਧੁਰੀਆਪਾਰ, ਉਰੂਵਾ, ਬੇਲਘਾਟ ਤੋਂ ਲੈ ਕੇ ਆਜ਼ਮਗੜ੍ਹ ਦੀ ਸਰਹੱਦ ਤਕ ਦੇ ਲੋਕਾਂ ਨੇ ਇਸ ਧਮਾਕੇ ਦੀ ਆਵਾਜ਼ ਸੁਣਨ ਦਾ ਦਾਅਵਾ ਕੀਤਾ ਹੈ।
ਫਾਈਟਰ ਜੈੱਟ ਲੰਘਣ ਤੋਂ ਬਾਅਦ ਤੇਜ਼ ਧਮਾਕਾ
ਧਮਾਕੇ ਤੋਂ ਬਾਅਦ ਲੋਕਾਂ ਦੇ ਮਨ 'ਚ ਕਿਸੇ ਹਮਲੇ ਦਾ ਖਦਸ਼ਾ ਪੈਦਾ ਹੋ ਗਿਆ ਜਿਸਦੇ ਚੱਲਦੇ ਉਨ੍ਹਾਂ ਦੇ ਮੋਬਾਇਲ ਫੋਨ ਲਗਾਤਾਰ ਵੱਜਣ ਲੱਗੇ। ਸਾਰੇ ਇਕ-ਦੂਜੇ ਤੋਂ ਧਮਾਕੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਲੋਕਾਂ ਨੂੰ ਤਾਂ ਇਹ ਵੀ ਲੱਗਾ ਕਿ ਕਿਤੇ ਪਾਕਿਸਤਾਨ ਵੱਲੋਂ ਕੋਈ ਮਿਜ਼ਾਈਲ ਹਮਲਾ ਤਾਂ ਨਹੀਂ ਹੋ ਗਿਆ। ਹਾਲਾਂਕਿ, ਸਥਾਨਕ ਪ੍ਰਸ਼ਾਸਨ ਨੇ ਤੁਰੰਤ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ। ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਇਹ ਆਵਾਜ਼ ਹਵਾਈ ਫੌਜ ਦੇ ਨਿਯਮਿਤ ਅਭਿਆਸ ਦਾ ਹਿੱਸਾ ਸੀ। ਸੂਪਰਸੋਨਿਕ ਬੂਮ ਕਾਰਨ ਇਹ ਤੇਜ਼ ਆਵਾਜ਼ ਸੁਣਾਈ ਦਿੱਤੀ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਕੁਝ ਚਸ਼ਮਦੀਦਾਂ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਇਕ ਜਹਾਜ਼ ਦੇ ਗੁਜ਼ਰਨ ਦੀ ਆਵਾਜ਼ ਦੇ ਤੁਰੰਤ ਬਾਅਦ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਜਿਸ ਨਾਲ ਲੋਕਾਂ ਦੇ ਚਿਹਰੇ 'ਤੇ ਸਪਸ਼ਟ ਦਹਿਸ਼ਤ ਦੇਖੀ ਜਾ ਸਕਦੀ ਸੀ।
ਸੂਪਰਸੋਨਿਕ ਬੂਮ ਬਣਿਆ ਧਮਾਕੇ ਦਾ ਕਾਰਨ
ਧਮਾਕੇ ਦੀ ਆਵਾਜ਼ ਸੁਣ ਕੇ ਖੇਤਾਂ 'ਚ ਕੰਮ ਕਰ ਰਹੇ ਲੋਕ ਵੀ ਡਰ ਗਏ ਅਤੇ ਇਹ ਦੇਖਣ ਲਈ ਦੌੜੇ ਕਿ ਕਿਤੇ ਕੋਈ ਬੰਬ ਜਾਂ ਮਿਜ਼ਾਈਲ ਤਾਂ ਨਹੀਂ ਡਿੱਗੀ ਪਰ ਉਨ੍ਹਾਂ ਨੂੰ ਕੋਈ ਸ਼ੱਕੀ ਵਰਤੂ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਦੀ ਹੀ ਪੁਲਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਏ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੇਜ਼ ਆਵਾਜ਼ ਸੂਪਰਸੋਨਿਕ ਜਹਾਜ਼ ਦੇ ਗੁਜ਼ਰਨ ਕਾਰਨ ਪੈਦਾ ਹੋਏ ਸੂਪਰਸੋਨਿਕ ਬੂਮ ਦੀ ਆਵਾਜ਼ ਸੀ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਹਵਾਈ ਜਹਾਜ਼ ਆਵਾਜ਼ ਦੀ ਗਤੀ ਨਾਲੋਂ ਤੇਜ਼ ਚੱਲਦਾ ਹੈ, ਤਾਂ ਧੁਨੀ ਤਰੰਗਾਂ ਸੰਕੁਚਿਤ ਹੋ ਜਾਂਦੀਆਂ ਹਨ, ਜਿਸਦੇ ਨਤੀਜੇ ਵਜੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਪੈਦਾ ਹੁੰਦੀ ਹੈ। ਅਧਿਕਾਰੀਆਂ ਨੇ ਇਸਨੂੰ ਸਿਰਫ਼ ਇੱਕ ਆਮ ਪ੍ਰਕਿਰਿਆ ਦੱਸਿਆ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।