ਵਰਧਾ ਦੇ ਇਵੋਨੀਥ ਸਟੀਲ ਪਲਾਂਟ ''ਚ ਹੋਇਆ ਜ਼ਬਰਦਸਤ ਧਮਾਕਾ, 16 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

Thursday, Nov 07, 2024 - 06:56 AM (IST)

ਵਰਧਾ ਦੇ ਇਵੋਨੀਥ ਸਟੀਲ ਪਲਾਂਟ ''ਚ ਹੋਇਆ ਜ਼ਬਰਦਸਤ ਧਮਾਕਾ, 16 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

ਵਰਧਾ : ਵਰਧਾ ਜ਼ਿਲ੍ਹੇ ਦੇ ਭੂਗਾਂਵ ਸਥਿਤ ਇਵੋਨੀਥ ਸਟੀਲ ਪਲਾਂਟ ਦੇ ਫਰਨੇਸ (ਭੱਠੀ) ਵਿਚ ਜ਼ਬਰਦਸਤ ਧਮਾਕਾ ਹੋਇਆ। ਘਟਨਾ 6 ਨਵੰਬਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਪਲਾਂਟ ਦੇ ਅਹਾਤੇ ਵਿਚ ਹੰਗਾਮਾ ਹੋ ਗਿਆ। ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਕਰੀਬ 16 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਵੋਨੀਥ ਸਟੀਲ ਪਲਾਂਟ ਦੀ ਭੱਠੀ 'ਚ ਅਜਿਹਾ ਹੀ ਧਮਾਕਾ ਹੋਇਆ ਸੀ। ਇਸ ਵਿਚ ਤਿੰਨ ਤੋਂ ਚਾਰ ਮਜ਼ਦੂਰ ਸੜ ਗਏ ਸਨ। ਇਸ ਘਟਨਾ ਤੋਂ ਬਾਅਦ ਇਹ ਭੱਠੀ ਬੰਦ ਕਰ ਦਿੱਤੀ ਗਈ ਸੀ। ਇਸ ਦੀ ਮੁਰੰਮਤ ਦਾ ਕੰਮ ਹਾਲ ਹੀ ਵਿਚ ਪੂਰਾ ਹੋਇਆ ਹੈ। ਇਹ ਭੱਠੀ ਮੰਗਲਵਾਰ ਰਾਤ ਨੂੰ ਚਾਲੂ ਕੀਤੀ ਗਈ ਸੀ।

ਆਮ ਵਾਂਗ ਬੁੱਧਵਾਰ ਦੇਰ ਰਾਤ ਨੂੰ ਇੱਥੇ ਕਰੀਬ 20 ਮਜ਼ਦੂਰ ਕੰਮ ਕਰ ਰਹੇ ਸਨ। ਫਿਰ ਅਚਾਨਕ ਭੱਠੀ ਵਿਚ ਧਮਾਕਾ ਹੋ ਗਿਆ। ਬੁਆਇਲਰ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਕਾਰਨ ਇਨ੍ਹਾਂ ਦੀ ਲਪੇਟ 'ਚ ਆਏ ਕਰਮਚਾਰੀ ਬੁਰੀ ਤਰ੍ਹਾਂ ਨਾਲ ਝੁਲਸ ਗਏ ਅਤੇ ਜਲਦੀ ਹੀ ਅੱਗ ਕੰਪਨੀ ਦੇ ਅਹਾਤੇ 'ਚ ਫੈਲ ਗਈ। ਇਸ ਕਾਰਨ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ।

ਇਹ ਵੀ ਪੜ੍ਹੋ : ਮੇਘਲ ਸਾਹਨੀ ਬਣੀ ਮਿਸਿਜ਼ ਇੰਡੀਆ ਪਲੈਨੇਟ 2024 ਦੀ ਜੇਤੂ, ਮਹਿਮਾ ਤੇ ਪ੍ਰਿਆ ਨੇ ਵੀ ਜਿੱਤੇ ਖ਼ਾਸ ਖ਼ਿਤਾਬ

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ
ਘਟਨਾ ਦਾ ਪਤਾ ਲੱਗਦਿਆਂ ਹੀ ਕੰਪਨੀ ਕੰਪਲੈਕਸ 'ਚ ਹਫੜਾ-ਦਫੜੀ ਮਚ ਗਈ। ਕੰਪਨੀ ਦੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਪਾਣੀ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਸਾਵੰਗੀ (ਮੇਘੇ) ਦੀ ਪੁਲਸ ਟੀਮ ਵੀ ਮੌਕੇ ’ਤੇ ਪੁੱਜ ਗਈ। ਧਮਾਕੇ ਕਾਰਨ ਝੁਲਸੇ ਮਜ਼ਦੂਰਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਅੱਗ 'ਚ 13 ਤੋਂ 16 ਮਜ਼ਦੂਰ ਝੁਲਸ ਗਏ ਹਨ। ਡੀ. ਵਾਈ. ਐੱਸ. ਪੀ ਪ੍ਰਮੋਦ ਮਕੇਸ਼ਵਰ, ਸਾਵੰਗੀ ਦੇ ਐੱਸਐੱਚਓ ਸੰਦੀਪ ਕਾਪੜੇ ਸਮੇਤ ਬਚਾਅ ਦਲ ਅਤੇ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਸਨ ਅਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਜਾਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News