2200 ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਸਿਹਤ ਬੀਮਾ ਦੇਵੇਗੀ CRPF

Monday, Mar 16, 2020 - 11:14 AM (IST)

ਨਵੀਂ ਦਿੱਲੀ— ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਨੇ ਇਕ ਅਨੋਖੀ ਪਹਿਲ ਕਰਨ ਦੀ ਤਿਆਰੀ ਕੀਤੀ ਹੈ। ਕਰੀਬ 3.5 ਲੱਖ ਜਵਾਨਾਂ ਦੀ ਮੌਜੂਦਗੀ ਵਾਲੀ ਸੀ.ਆਰ.ਪੀ.ਐੱਫ. ਨੇ ਵੱਖ-ਵੱਖ ਮੁਹਿੰਮਾਂ 'ਚ ਸ਼ਹੀਦ ਹੋਏ 2200 ਜਵਾਨਾਂ ਦੇ ਪਰਿਵਾਰਾਂ ਨੂੰ ਵੀ ਸਿਹਤ ਬੀਮਾ ਦੇਣ ਦਾ ਫੈਸਲਾ ਲਿਆ ਹੈ। ਇਸ ਦੇ ਪ੍ਰੀਮੀਅਮ ਦਾ ਭੁਗਤਾਨ ਵੀ ਸੀ.ਆਰ.ਪੀ.ਐੱਫ. ਕਰੇਗੀ। ਹੁਣ ਤੱਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਚੁੱਕਣ ਲਈ ਬੀਮਾ ਪ੍ਰੀਮੀਅਮ ਦਾ ਭੁਗਤਾਨ ਖੁਦ ਕਰਦੇ ਸਨ।

ਇਹ ਰਾਸ਼ੀ ਕਲਿਆਣ ਫੰਡ 'ਚੋਂ ਦਿੱਤੀ ਜਾਵੇਗੀ
ਕੁਲ 3 ਲੱਖ 25 ਹਜ਼ਾਰ ਜਵਾਨਾਂ ਵਾਲੇ ਦੇਸ਼ ਦੇ ਸਭ ਤੋਂ ਵੱਡੇ ਨੀਮ ਫੌਜੀ ਬਲ ਨੇ 'ਸਾਨੂੰ ਆਪਣੇ ਸ਼ਹੀਦਾਂ 'ਤੇ ਮਾਣ ਹੈ, ਅਸੀਂ 19 ਮਾਰਚ ਨੂੰ 81ਵੇਂ ਸਥਾਪਨਾ ਦਿਵਸ 'ਤੇ ਉਨ੍ਹਾਂ ਦੀ ਵੀਰਤਾ ਦਾ ਜਸ਼ਨ ਵੀ ਮਨਾਵਾਂਗੇ' ਵਿਸ਼ੇ ਦੀ ਸ਼ੁਰੂਆਤ ਕੀਤੀ ਹੈ। ਸੀ.ਆਰ.ਪੀ.ਐੱਫ. ਦੇ ਡਾਇਰੈਕਟਰ ਜਨਰਲ ਏ. ਪੀ. ਮਾਹੇਸ਼ਵਰੀ ਨੇ ਦੱਸਿਆ ਕਿ, ''ਅਸੀਂ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸਥਾਰਿਤ ਸਿਹਤ ਬੀਮਾ ਕਵਰ ਦੇਣ ਦਾ ਫੈਸਲਾ ਕੀਤਾ ਹੈ। ਬਲ ਇਨ੍ਹਾਂ ਸੇਵਾਵਾਂ ਲਈ 100 ਫੀਸਦੀ ਪ੍ਰੀਮੀਅਮ ਦਾ ਭੁਗਤਾਨ ਕਰੇਗਾ ਅਤੇ ਇਹ ਰਾਸ਼ੀ ਕਲਿਆਣ ਫੰਡ 'ਚੋਂ ਦਿੱਤੀ ਜਾਵੇਗੀ।''

ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਸੀ ਸਹੂਲਤ
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੁਲਵਾਮਾ ਹਮਲੇ 'ਚ ਸ਼ਹੀਦ 40 ਜਵਾਨਾਂ ਦੇ ਪਰਿਵਾਰਾਂ ਨੂੰ ਸਿਹਤ ਬੀਮਾ ਦੇਣ ਲਈ ਪ੍ਰੀਮੀਅਮ ਦੀ ਪੂਰੀ ਰਾਸ਼ੀ ਫੋਰਸ ਨੇ ਦਿੱਤੀ ਅਤੇ ਉਦੋਂ ਸਾਰੇ ਸ਼ਹੀਦਾਂ ਨੂੰ ਇਹ ਸਹੂਲਤ ਦੇਣ ਲਈ ਡਾਇਰੈਕਟਰ ਜਨਰਲ ਵੱਲੋਂ ਵਿਸ਼ੇਸ਼ ਮਨਜ਼ੂਰੀ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਕਾਰਡ ਜਾਰੀ ਕੀਤੇ ਜਾਣਗੇ।


DIsha

Content Editor

Related News