ਵਿਆਹੁਤਾ ਔਰਤ ਨੂੰ ਘਰ ਦੇ ਕੰਮ ਕਰਨ ਲਈ ਕਹਿਣਾ ਤਸ਼ੱਦਦ ਨਹੀਂ : ਹਾਈ ਕੋਰਟ
Friday, Oct 28, 2022 - 03:52 PM (IST)
ਮੁੰਬਈ (ਭਾਸ਼ਾ)– ਜੇਕਰ ਇਕ ਵਿਆਹੁਤਾ ਔਰਤ ਨੂੰ ਪਰਿਵਾਰ ਲਈ ਘਰੇਲੂ ਕੰਮ ਕਰਨ ਲਈ ਕਿਹਾ ਜਾਂਦਾ ਹੈ, ਤਾਂ ਇਸ ਦੀ ਤੁਲਨਾ ਘਰੇਲੂ ਨੌਕਰਾਣੀ ਦੇ ਕੰਮ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਇਸ ਨੂੰ ਤਸ਼ੱਦਦ ਨਹੀਂ ਮੰਨਿਆ ਜਾਵੇਗਾ। ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਇਕ ਔਰਤ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ।
ਔਰਤ ਨੇ ਵੱਖ ਹੋ ਚੁੱਕੇ ਪਤੀ ਅਤੇ ਉਸ ਦੇ ਮਾਤਾ-ਪਿਤਾ ਖਿਲਾਫ ਘਰੇਲੂ ਹਿੰਸਾ ਅਤੇ ਜ਼ੁਲਮ ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।
ਜਸਟਿਸ ਵਿਭਾ ਕਾਂਕਨਵਾੜੀ ਅਤੇ ਜਸਟਿਸ ਰਾਜੇਸ਼ ਪਾਟਿਲ ਦੀ ਬੈਂਚ ਨੇ 21 ਅਕਤੂਬਰ ਨੂੰ ਉਸ ਵਿਅਕਤੀ ਅਤੇ ਉਸ ਦੇ ਮਾਪਿਆਂ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਰੱਦ ਕਰ ਦਿੱਤਾ, ਜਿਸ ਦੀ ਪਤਨੀ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਵਿਆਹ ਤੋਂ ਬਾਅਦ ਇਕ ਮਹੀਨੇ ਤੱਕ ਉਸ ਨਾਲ ਚੰਗਾ ਵਿਵਹਾਰ ਕੀਤਾ ਗਿਆ ਪਰ ਉਸ ਤੋਂ ਬਾਅਦ ਉਸ ਨਾਲ ਘਰੇਲੂ ਨੌਕਰਾਣੀ ਵਰਗਾ ਸਲੂਕ ਕੀਤਾ ਜਾਣ ਲੱਗਾ।
ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਸੱਸ ਵਿਆਹ ਤੋਂ ਇਕ ਮਹੀਨੇ ਬਾਅਦ ਚਾਰ ਪਹੀਆ ਵਾਹਨ ਖਰੀਦਣ ਲਈ 4 ਲੱਖ ਰੁਪਏ ਦੀ ਮੰਗ ਕਰਨ ਲੱਗੇ। ਉਸ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਇਸ ਮੰਗ ’ਤੇ ਉਸ ਦਾ ਪਤੀ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਹੈ। ਹਾਈ ਕੋਰਟ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਔਰਤ ਨੇ ਸਿਰਫ ਇਹ ਕਿਹਾ ਹੈ ਕਿ ਉਸ ’ਤੇ ਤਸ਼ੱਦਦ ਕੀਤਾ ਗਿਆ ਸੀ ਪਰ ਆਪਣੀ ਸ਼ਿਕਾਇਤ ’ਚ ਅਜਿਹੇ ਕਿਸੇ ਖਾਸ ਕੰਮ ਦਾ ਜ਼ਿਕਰ ਨਹੀਂ ਕੀਤਾ।