ਕੋਰਟ ਮੈਰਿਜ ਨੂੰ ਲੈ ਕੇ SC ਦਾ ਵੱਡਾ ਫੈਸਲਾ, ਵਕੀਲ ਦੇ ਚੈਂਬਰ ''ਚ ਇਕ-ਦੂਜੇ ਨੂੰ ਮੁੰਦਰੀ ਜਾਂ ਮਾਲਾ ਪਾ ਕੇ ਕਰ ਸਕੋਗੇ ਵਿਆਹ
Tuesday, Aug 29, 2023 - 06:21 PM (IST)

ਨਵੀਂ ਦਿੱਲੀ- ਕੋਰਟ ਮੈਰਿਜ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਵਕੀਲ ਦੇ ਚੈਂਬਰ 'ਚ ਉਂਗਲੀ 'ਚ ਮੁੰਦਰੀ ਪਹਿਨਾ ਕੇ ਜਾਂ ਇਕ-ਦੂਜੇ ਨੂੰ ਮਾਲਾ ਪਹਿਨਾ ਕੇ ਵਿਆਹ ਕੀਤਾ ਜਾ ਸਕਦਾ ਹੈ। ਜੱਜ ਐੱਸ ਰਵਿੰਦਰ ਭਟ ਅਤੇ ਜੱਜ ਅਰਵਿੰਦ ਕੁਮਾਰ ਦੀ ਬੈਂਚ ਨੇ ਮਦਰਾਸ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਕੁਝ ਅਜਨਬੀਆਂ ਦੇ ਨਾਲ ਗੁੱਪਤ ਰੂਪ ਨਾਲ ਵਿਆਹ ਕੀਤਾ ਜਾਂਦਾ ਹੈ ਤਾਂ ਉਹ ਵਿਆਹ ਯੋਗ ਨਹੀਂ ਹੋਵੇਗਾ। ਹਾਈ ਕੋਰਟ ਨੇ ਯੋਗ ਵਿਆਹ ਲਈ ਹਿੰਦੂ ਵਿਆਹ ਐਕਟ ਦੀ ਧਾਰਾ 7 ਅਤੇ 7-ਏ ਤਹਿਤ ਲੋੜ ਦਾ ਹਵਾਲਾ ਦਿੱਤਾ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ 'ਚੋਂ ਕੋਈ ਵੀ ਸਮਾਰੋਹ, ਇਕ-ਦੂਜੇ ਨੂੰ ਮਾਲਾ ਪਹਿਨਾ ਕੇ ਜਾਂ ਇਕ-ਦੂਜੇ ਦੀ ਕਿਸੇ ਵੀ ਉਂਗਲੀ 'ਚ ਮੁੰਦਰੀ ਪਾ ਕੇ ਜਾਂ ਥਾਲੀ ਬੰਨ੍ਹਣਾ ਇਕ ਯੋਗ ਵਿਆਹ ਪੂਰਾ ਕਰਨ ਲਈ ਲੋੜੀਂਦਾ ਹੋਵੇਗਾ। ਸੁਪਰੀਮ ਕੋਰਟ ਨੇ 5 ਮਈ 2023 ਦੇ ਮਦਰਾਸ ਹਾਈ ਕੋਰਟ ਦੁਆਰਾ ਪਾਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਇਕ ਅਪੀਲ ਦੀ ਮਨਜ਼ੂਰੀ ਦਿੱਤੀ, ਜਿਸ ਦੁਆਰਾ ਉਨ੍ਹਾਂ ਵਕੀਲਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ, ਜਿਨ੍ਹਾਂ ਸਾਹਮਣੇ ਕਥਿਤ ਤੌਰ 'ਤੇ ਇਕ ਨਾਬਾਲਗ ਕੁਸ਼ੀ ਦਾ ਵਿਆਹ ਹੋਇਆ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਜੋ ਵਕੀਲ ਅਦਾਲਤ ਦੇ ਅਧਿਕਾਰੀ ਦੇ ਰੂਪ 'ਚ ਕੰਮ ਨਹੀਂ ਕਰ ਰਹੇ ਪਰ ਦੋਸਤਾਂ/ਰਿਸ਼ਤੇਦਾਰਾਂ/ਸਮਾਜਿਕ ਵਰਕਰਾਂ ਵਰਗੀਆਂ ਹੋਰ ਸਮਰਥਾਵਾਂ ਵਿਚ ਕੰਮ ਕਰ ਰਹੇ ਹਨ, ਉਹ ਹਿੰਦੂ ਮੈਰਿਜ ਐਕਟ (ਤਾਮਿਲਨਾਡੂ ਰਾਜ ਸੋਧ ਐਕਟ) ਦੀ ਧਾਰਾ 7(ਏ) ਦੇ ਤਹਿਤ ਵਿਆਹ ਕਰਵਾ ਸਕਦੇ ਹਨ। ਅਦਾਲਤ ਨੇ ਕਿਹਾ ਕਿ ਧਾਰਾ 7-ਏ ਰਿਸ਼ਤੇਦਾਰਾਂ, ਦੋਸਤਾਂ ਜਾਂ ਹੋਰ ਵਿਅਕਤੀਆਂ ਦੀ ਮੌਜੂਦਗੀ ਵਿਚ ਦੋ ਹਿੰਦੂਆਂ 'ਚ ਹੋਣ ਵਾਲੇ ਕਿਸੇ ਵੀ ਵਿਆਹ 'ਤੇ ਲਾਗੂ ਹੁੰਦੀ ਹੈ। ਇਸ ਵਿਵਸਥਾ ਦਾ ਮੁੱਖ ਜ਼ੋਰ ਇਹ ਹੈ ਕਿ ਕਿਸੇ ਵੀ ਯੋਗ ਰਸਮ ਲਈ ਪੰਡਤ ਦੀ ਮੌਜੂਦਗੀ ਜ਼ਰੂਰੀ ਨਹੀਂ ਹੈ।