'ਮੰਡਪ' ਬਣਿਆ 'ਕਲਾਸ ਰੂਮ'! ਮਹਿਲਾ ਪ੍ਰੋਫੈਸਰ ਨੇ ਵਿਦਿਆਰਥੀ ਨਾਲ ਹੀ ਕਰਵਾਇਆ ਵਿਆਹ
Thursday, Jan 30, 2025 - 05:47 PM (IST)
!['ਮੰਡਪ' ਬਣਿਆ 'ਕਲਾਸ ਰੂਮ'! ਮਹਿਲਾ ਪ੍ਰੋਫੈਸਰ ਨੇ ਵਿਦਿਆਰਥੀ ਨਾਲ ਹੀ ਕਰਵਾਇਆ ਵਿਆਹ](https://static.jagbani.com/multimedia/2025_1image_16_11_368181420149.jpg)
ਪੱਛਮੀ ਬੰਗਾਲ- ਸੋਸ਼ਲ ਮੀਡੀਆ 'ਤੇ ਅੱਜ-ਕੱਲ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਕਈ ਵਾਰ ਹੈਰਾਨੀ ਵੀ ਹੁੰਦੀ ਹੈ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਪੱਛਮੀ ਬੰਗਾਲ ਦੀ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ ਤਕਨਾਲੋਜੀ ਤੋਂ ਸਾਹਮਣੇ ਆਇਆ ਹੈ। ਇੱਥੇ ਮਨੋਵਿਗਿਆਨ ਵਿਭਾਗ ਦੀ ਮੁਖੀ ਮਹਿਲਾ ਪ੍ਰੋਫੈਸਰ ਨੇ ਕਲਾਸ ਰੂਮ 'ਚ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਪਹਿਲੇ ਸਾਲ ਦੀ ਵਿਦਿਆਰਥੀ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਭੱਖ ਗਿਆ ਹੈ।
ਵਿਆਹ ਦਾ ਵੀਡੀਓ ਵਾਇਰਲ
ਵੀਡੀਓ 'ਚ ਮਹਿਲਾ ਪ੍ਰੋਫੈਸਰ ਲਾਲ ਰੰਗ ਦੀ ਕਢਾਈ ਵਾਲੀ ਬਨਾਰਸੀ ਸਾੜ੍ਹੀ 'ਚ ਦੁਲਹਨ ਵਾਂਗ ਸਜੀ ਨਜ਼ਰ ਆ ਰਹੀ ਹੈ, ਜਦਕਿ ਵਿਦਿਆਰਥੀ ਨੇ ਵੀ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਹੈ। ਦੋਹਾਂ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ ਅਤੇ ਵਿਦਿਆਰਥੀ ਨੇ ਪ੍ਰੋਫੈਸਰਨੀ ਦੇ ਮੱਥੇ 'ਤੇ ਸਿੰਦੂਰ ਭਰਿਆ। ਕਲਾਸ ਵਿਚ ਮੌਜੂਦ ਵਿਦਿਆਰਥੀਆਂ ਨੇ ਇਸ ਅਨੋਖੇ ਵਿਆਹ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ। ਕਈ ਲੋਕਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਅਜਿਹੀ ਘਟਨਾ 'ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ।
A lady Professor in MAKAUT is 'getting married' to her young student in the office. pic.twitter.com/coXaVGH7s7
— Abir Ghoshal (@abirghoshal) January 29, 2025
ਯੂਨੀਵਰਸਿਟੀ ਪ੍ਰਸ਼ਾਸਨ ਨੇ ਬਣਾਈ ਜਾਂਚ ਕਮੇਟੀ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਤਪਸ ਚੱਕਰਵਰਤੀ ਨੇ ਕਿਹਾ ਕਿ ਇਹ ਘਟਨਾ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਅਕਸ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਸਹੀ ਜਾਂਚ ਜ਼ਰੂਰੀ ਹੈ।
ਮਹਿਲਾ ਪ੍ਰੋਫ਼ੈਸਰ ਨੇ ਇਸ ਨੂੰ ਸਾਈਕੋ-ਡਰਾਮਾ ਕਿਹਾ
ਵਿਵਾਦ ਵਧਦੇ ਹੀ ਮਹਿਲਾ ਪ੍ਰੋਫੈਸਰ ਨੇ ਸਪੱਸ਼ਟ ਕੀਤਾ ਕਿ ਇਹ ਵਿਆਹ ਅਸਲੀ ਨਹੀਂ ਸੀ, ਸਗੋਂ ਇਹ ਉਸ ਦੀ ਜਮਾਤ ਦਾ ਸਾਈਕੋ-ਡਰਾਮਾ ਪ੍ਰਦਰਸ਼ਨ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪ੍ਰਦਰਸ਼ਨ ਦਾ ਉਦੇਸ਼ ਮਨੋਵਿਗਿਆਨ ਦੇ ਕੋਰਸ ਦੇ ਵਿਹਾਰਕ ਪਹਿਲੂ ਨੂੰ ਸਮਝਾਉਣਾ ਸੀ ਅਤੇ ਇਸ ਦਾ ਕੋਈ ਅਨੈਤਿਕ ਮਕਸਦ ਨਹੀਂ ਸੀ। ਮਹਿਲਾ ਪ੍ਰੋਫੈਸਰ ਦਾ ਦਾਅਵਾ ਹੈ ਕਿ ਵੀਡੀਓ ਸਿਰਫ ਅਕਾਦਮਿਕ ਉਦੇਸ਼ਾਂ ਲਈ ਸੀ ਪਰ ਇਸ ਨੂੰ ਗਲਤ ਤਰੀਕੇ ਨਾਲ ਜਨਤਕ ਕਰ ਦਿੱਤਾ ਗਿਆ ਜਿਸ ਨਾਲ ਉਸ ਦਾ ਅਤੇ ਵਿਭਾਗ ਦਾ ਅਕਸ ਖਰਾਬ ਹੋਇਆ। ਪ੍ਰੋਫੈਸਰ ਦਾ ਦਾਅਵਾ ਹੈ ਕਿ ਵੀਡੀਓ ਸਿਰਫ ਅੰਦਰੂਨੀ ਅਕਾਦਮਿਕ ਉਦੇਸ਼ਾਂ ਲਈ ਸੀ, ਪਰ ਇਸ ਨੂੰ ਗਲਤ ਤਰੀਕੇ ਨਾਲ ਜਨਤਕ ਕੀਤਾ ਗਿਆ ਸੀ, ਜਿਸ ਨਾਲ ਉਸ ਦਾ ਅਤੇ ਵਿਭਾਗ ਦਾ ਅਕਸ ਖਰਾਬ ਹੋਇਆ ਸੀ।