ਵਿਆਹ ਤੋਂ ਐਨ ਪਹਿਲਾਂ ਮੁੰਡੇ ਵਾਲਿਆਂ ਨੇ ਰੱਖ ''ਤੀ ਵੱਡੀ ਮੰਗ, ਉਡੀਕਦੀ ਰਹਿ ਗਈ ਲਾੜੀ
Monday, Apr 07, 2025 - 01:07 PM (IST)

ਨੈਸ਼ਨਲ- ਦਾਜ ਮੰਗਣਾ ਅਤੇ ਦਾਜ ਦੇਣਾ ਅਪਰਾਧ ਹੈ। ਇਸ ਦੇ ਬਾਵਜੂਦ ਵਿਆਹਾਂ 'ਚ ਮੁੰਡੇ ਦੇ ਪਰਿਵਾਰ ਵਲੋਂ ਦਾਜ ਵਿਚ ਵੱਡੀ ਮੰਗ ਰੱਖ ਦਿੱਤੀ ਜਾਂਦੀ ਹੈ, ਜਿਸ ਕਾਰਨ ਵਿਆਹ ਟੁੱਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਰਸੂਲਪੁਰ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਦਾ ਨਿਕਾਹ ਕਲਾਵਤੀ ਦੇ ਰਹਿਣ ਵਾਲੇ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਅਚਾਨਕ ਮੁੰਡੇ ਵਾਲਿਆਂ ਨੇ ਦਾਜ ਵਿਚ 10 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਜਿਸ ਨੂੰ ਸੁਣਦਿਆਂ ਹੀ ਕੁੜੀ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਦਾਜ ਦੀ ਮੰਗ ਕਾਰਨ ਵਿਆਹ ਹੋਇਆ ਰੱਦ
ਐਤਵਾਰ ਸਵੇਰੇ ਕਰੀਬ 6 ਵਜੇ ਕੁੜੀ ਦੇ ਪਿਤਾ ਨੂੰ ਮੁੰਡੇ ਦੇ ਪਿਤਾ ਨੇ ਫੋਨ ਕਰ ਕੇ ਦਾਜ 'ਚ 10 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਕੁੜੀ ਦੇ ਪਿਤਾ ਨੇ ਇਹ ਰਾਸ਼ੀ ਦੇਣ ਤੋਂ ਅਸਮਰੱਥਾ ਜਤਾਈ ਤਾਂ ਮੁੰਡੇ ਦੇ ਪਰਿਵਾਰ ਨੇ ਸਾਫ ਤੌਰ 'ਤੇ ਕਹਿ ਦਿੱਤਾ ਕਿ ਉਹ ਬਾਰਾਤ ਨਹੀਂ ਲੈ ਕੇ ਆਉਣਗੇ। ਇਸ ਸ਼ਰਤ ਮਗਰੋਂ ਲਾੜੀ ਪੱਖ ਦੇ ਲੋਕ ਹੈਰਾਨ ਰਹਿ ਗਏ ਕਿਉਂਕਿ ਵਿਆਹ ਦੇ ਸਾਰੇ ਇੰਤਜ਼ਾਮ ਪਹਿਲਾਂ ਹੀ ਪੂਰੇ ਹੋ ਚੁੱਕੇ ਸਨ।
ਦਾਜ 'ਚ ਪੈਸਿਆਂ ਦੀ ਮੰਗ ਨੇ ਕੀਤਾ ਸਭ ਕੁਝ ਬਰਬਾਦ
ਕੁੜੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਸਨ। ਰਿਸ਼ੇਤਦਾਰ ਅਤੇ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਵਿਆਹ ਤੋਂ ਐਨ ਮੌਕੇ ਮੁੰਡੇ ਵਾਲਿਆਂ ਨੇ ਅਚਾਨਕ ਦਾਜ ਵਿਚ 10 ਲੱਖ ਰੁਪਏ ਦੀ ਮੰਗ ਕਰ ਦਿੱਤੀ। ਜਿਸ ਨੇ ਸਭ ਕੁਝ ਬਰਬਾਦ ਕਰ ਦਿੱਤਾ। ਵਿਆਹ ਦੀਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਲਾੜੀ, ਲਾੜੇ ਨੂੰ ਉਡੀਕਦੀ ਰਹਿ ਗਈ।
ਪੁਲਸ ਮਾਮਲੇ ਦੀ ਕਰ ਰਹੀ ਜਾਂਚ
ਪੁਲਸ ਨੇ ਮਾਮਲੇ ਦੀ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਹੁਣ ਤੱਕ ਕੁੜੀ ਦੇ ਪਰਿਵਾਰ ਵਲੋਂ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਪੁਲਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।