ਕਰਨਾਟਕ ਚੋਣ ਨਤੀਜਿਆਂ ''ਤੇ ਬੋਲੇ ਰਾਹੁਲ- ''ਨਫ਼ਰਤ ਦਾ ਬਜ਼ਾਰ ਹੋਇਆ ਬੰਦ''

Saturday, May 13, 2023 - 03:23 PM (IST)

ਕਰਨਾਟਕ ਚੋਣ ਨਤੀਜਿਆਂ ''ਤੇ ਬੋਲੇ ਰਾਹੁਲ- ''ਨਫ਼ਰਤ ਦਾ ਬਜ਼ਾਰ ਹੋਇਆ ਬੰਦ''

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਦੀ ਜਿੱਤ 'ਤੇ ਜਨਤਾ, ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਵਧਾਈ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਸ ਜਿੱਤ ਨੇ ਰਾਜ 'ਚ ਨਫ਼ਰਤ ਦਾ ਬਜ਼ਾਰ ਬੰਦ ਕਰ ਕੇ ਮੁਹੱਬਤ ਦਾ ਮਾਹੌਲ ਬਣਾਇਆ ਹੈ। ਰਾਹੁਲ ਨੇ ਪੱਤਰਕਾਰਾਂ ਨਾਲ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਆਪਣੀ ਸ਼ੁਰੂਆਤੀ ਟਿੱਪਣੀ 'ਚ ਕਿਹਾ,''ਕਰਨਾਟਕ 'ਚ ਨਫ਼ਰਤ ਦਾ ਬਜ਼ਾਰ ਬੰਦ ਹੋਇਆ ਅਤੇ ਮੁਹੱਬਤ ਦੀ ਦੁਕਾਨ ਖੁੱਲ੍ਹੀ ਹੈ।''

 

ਦੱਸਣਯੋਗ ਹੈ ਕਿ ਰਾਹੁਲ ਨੇ ਆਪਣੀ 'ਭਾਰਤ ਜੋੜੋ ਯਾਤਰਾ' 'ਚ ਮੁਹੱਬਤ ਦੀ ਦੁਕਾਨ ਵਾਲੀ ਗੱਲ ਵਾਰ-ਵਾਰ ਕਹੀ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਅਸੀਂ ਕਰਨਾਟਕ 'ਚ ਨਫ਼ਰਤ ਨਾਲ ਨਹੀਂ ਸਗੋਂ ਪਿਆਰ ਨਾਲ ਅਤੇ ਦਿਲ ਖੋਲ੍ਹ ਕੇ ਲੜਾਈ ਲੜੀ ਅਤੇ ਕਰਨਾਟਕ ਦੀ ਜਨਤਾ ਨੇ ਦਿਖਾ ਦਿੱਤਾ ਕਿ ਦੇਸ਼ 'ਚ ਮੁਹੱਬਤ ਚੰਗੀ ਲੱਗਦੀ ਹੈ।'' ਉਨ੍ਹਾਂ ਕਿਹਾ ਕਿ ਇਹ ਗਰੀਬ ਜਨਤਾ ਦੀ ਸ਼ਕਤੀ ਦੀ ਜਿੱਤ ਹੈ। ਕਰਨਾਟਕ 'ਚ ਇਕ ਪਾਸੇ 'ਕ੍ਰੋਨੀ ਕੈਪਟਲਿਸਟ (ਮਿਲੀਭਗਤ ਕਰਨ ਵਾਲੇ ਪੂੰਜੀਪਤੀਆਂ) ਦੀ ਤਾਕਤ ਸੀ, ਦੂਜੇ ਪਾਸੇ ਗਰੀਬ ਜਨਤਾ ਦੀ ਸ਼ਕਤੀ, ਇਸ ਸ਼ਕਤੀ ਨੇ ਕ੍ਰੋਨੀ ਕੈਪਟਲਿਸਟ ਦੀ ਤਾਕਤ ਨੂੰ ਹਰਾ ਦਿੱਤਾ। ਇਹੀ ਹੋਰ ਰਾਜਾਂ 'ਚ ਹੋਣ ਜਾ ਰਿਹਾ ਹੈ। ਪਾਰਟੀ ਗਰੀਬਾਂ ਦੇ ਮੁੱਦਿਆਂ 'ਤੇ ਚੋਣ ਲੜੇਗੀ। ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ਦੀ ਜਨਤਾ ਨਾਲ 5 ਵਾਅਦੇ ਕੀਤੇ ਸਨ, ਇਨ੍ਹਾਂ 5 ਵਾਅਦਿਆਂ ਨੂੰ ਪਹਿਲੇ ਦਿਨ ਕੈਬਨਿਟ ਦੀ ਪਹਿਲੀ ਬੈਠਕ 'ਚ ਪੂਰਾ ਕੀਤਾ ਜਾਵੇਗਾ। ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਨਾਲ ਕਾਂਗਰਸ ਨੂੰ 135 ਤੋਂ 140 ਦਰਮਿਆਨ ਸੀਟਾਂ ਮਿਲਣ ਦੀ ਸੰਭਾਵਨਾ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News