ਮਰਾਠਾ ਰਾਖਵਾਂਕਰਨ : ਸਰਕਾਰ ਵੱਲੋਂ ਮੰਗਾਂ ਮੰਨਣ ਪਿੱਛੋਂ ਜਰਾਂਗੇ ਨੇ ਭੁੱਖ ਹੜਤਾਲ ਕੀਤੀ ਖਤਮ

Tuesday, Sep 02, 2025 - 11:51 PM (IST)

ਮਰਾਠਾ ਰਾਖਵਾਂਕਰਨ : ਸਰਕਾਰ ਵੱਲੋਂ ਮੰਗਾਂ ਮੰਨਣ ਪਿੱਛੋਂ ਜਰਾਂਗੇ ਨੇ ਭੁੱਖ ਹੜਤਾਲ ਕੀਤੀ ਖਤਮ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਸਰਕਾਰ ਦੀ ਮਰਾਠਾ ਰਾਖਵਾਂਕਰਨ ਬਾਰੇ ਕੈਬਨਿਟ ਸਬ-ਕਮੇਟੀ ਨੇ ਕਾਰਕੁਨ ਮਨੋਜ ਜਰਾਂਗੇ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ ਪੰਜਵੇਂ ਦਿਨ ਮੰਗਲਵਾਰ ਵਧੇਰੇ ਮੰਗਾਂ ਨੂੰ ਮੰਨ ਲਿਆ, ਜਿਨ੍ਹਾਂ ’ਚ ਯੋਗ ਮਰਾਠਿਆਂ ਨੂੰ ਕੁਨਬੀ ਜਾਤੀ ਸਰਟੀਫਿਕੇਟ ਦੇਣਾ ਸ਼ਾਮਲ ਹੈ।

ਜਰਾਂਗੇ ਨੇ ਇਸ ਨੂੰ ਆਪਣੀ ਜਿੱਤ ਦਸਦਿਆਂ ਕਿਹਾ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰ ਰਹੇ ਹਨ। ਇਸ ਤੋਂ ਬਾਅਦ ਉਹ ਡਾਕਟਰੀ ਜਾਂਚ ਲਈ ਐਂਬੂਲੈਂਸ ’ਚ ਆਜ਼ਾਦ ਮੈਦਾਨ ਤੋਂ ਰਵਾਨਾ ਹੋਏ।

ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਹਮਾਇਤੀਆਂ ਨੇ ਖੁਸ਼ੀ ਮਨਾਈ। ਮੁੰਬਈ ਵਾਸੀਆਂ ਨੂੰ ਵੀ ਰਾਹਤ ਮਿਲੀ । ਕੁਨਬੀ ਦਰਜਾ ਮਿਲਣ ਨਾਲ ਮਰਾਠਾ ਭਾਈਚਾਰੇ ਦੇ ਮੈਂਬਰ ਓ. ਬੀ. ਸੀ. ਰਾਖਵਾਂਕਰਨ ਦਾ ਦਾਅਵਾ ਕਰਨ ਦੇ ਯੋਗ ਹੋਣਗੇ, ਜੋ ਜਰਾਂਗੇ ਦੀ ਮੁੱਖ ਮੰਗ ਹੈ।

ਇਸ ਤੋਂ ਪਹਿਲਾਂ ਦਿਨ ਵੇਲੇ ਬੰਬਈ ਹਾਈ ਕੋਰਟ ਨੇ ਜਰਾਂਗੇ ਤੇ ਵਿਖਾਵਾਕਾਰੀਆਂ ਨੂੰ ਦੁਪਹਿਰ 3 ਵਜੇ ਤੱਕ ਆਜ਼ਾਦ ਮੈਦਾਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿਉਂਕਿ ਉਹ ਬਿਨਾਂ ਇਜਾਜ਼ਤ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।

ਬਾਅਦ ’ਚ ਅਦਾਲਤ ਨੇ ਜਰਾਂਗੇ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰ ਤੱਕ ਭੁੱਖ ਹੜਤਾਲ ਵਾਲੀ ਥਾਂ ’ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।


author

Rakesh

Content Editor

Related News