ਮਾਓਵਾਦ ਦੇ ਸਮਰਥਨ ਵਾਲੇ ਪਰਚੇ ਵੰਡਣ ਦੇ ਦੋਸ਼ ''ਚ ਮਾਕਪਾ ਦੇ 2 ਵਿਦਿਆਰਥੀ ਗ੍ਰਿਫਤਾਰ

Saturday, Nov 02, 2019 - 03:32 PM (IST)

ਮਾਓਵਾਦ ਦੇ ਸਮਰਥਨ ਵਾਲੇ ਪਰਚੇ ਵੰਡਣ ਦੇ ਦੋਸ਼ ''ਚ ਮਾਕਪਾ ਦੇ 2 ਵਿਦਿਆਰਥੀ ਗ੍ਰਿਫਤਾਰ

ਕੋਝੀਕੋਡ (ਕੇਰਲ)— ਮਾਰਕਸਵਾਦੀ ਪਾਰਟੀ (ਮਾਕਪਾ) ਦੇ 2 ਵਿਦਿਆਰਥੀ ਵਰਕਰਾਂ ਨੂੰ ਕਥਿਤ ਤੌਰ 'ਤੇ ਮਾਓਵਾਦ ਦੇ ਸਮਰਥਨ ਵਾਲੇ ਪਰਚੇ ਵੰਡਣ ਦੇ ਦੋਸ਼ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਰਾਜਨੀਤਕ ਦਲ ਸਰਕਾਰ ਦੇ ਇਸ ਕਦਮ ਦਾ ਸਖਤ ਵਿਰੋਧ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ ਪੱਤਰਕਾਰੀ ਦਾ ਵਿਦਿਆਰਥੀ ਤਾਹਾ ਫਜ਼ਲ ਅਤੇ ਕਾਨੂੰਨ ਦਾ ਵਿਦਿਆਰਥੀ ਅਲਾਨ ਸ਼ੁਹੈਬ ਮਾਕਪਾ ਦੇ ਸ਼ਾਖਾ ਕਮੇਟੀ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੂੰ ਸ਼ੁੱਕਰਵਾਰ ਦੀ ਸ਼ਾਮ ਪੰਤੀਰਾਨਕਾਵੁ ਤੋਂ ਹਿਰਾਸਤ 'ਚ ਲਿਆ ਗਿਆ। ਉਨ੍ਹਾਂ ਤੋਂ ਪਰਚੇ ਵੀ ਜ਼ਬਤ ਕੀਤੇ ਗਏ ਹਨ।

ਸ਼ਨੀਵਾਰ ਨੂੰ ਦੋਹਾਂ ਨੂੰ ਰਸਮੀ ਰੂਪ ਨਾਲ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਕੁਝ ਪਰਚਿਆਂ 'ਚ ਅੱਤਾਪੜੀ 'ਚ 4 ਸ਼ੱਕੀ ਮਾਓਵਾਦੀਆਂ ਨੂੰ ਮਾਰ ਸੁੱਟਣ ਦੀ ਪੁਲਸ ਕਾਰਵਾਈ ਦੀ ਆਲੋਚਨਾ ਕੀਤੀ ਗਈ ਹੈ ਪਰ ਤਾਹਾ ਫਜ਼ਲ ਦੇ ਇਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਾਓਵਾਦੀ ਸੰਗਠਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਤਲਾ ਨੇ ਦੋਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੇ ਅਧੀਨ ਗ੍ਰਿਫਤਾਰ ਕਰਨ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਖੱਬੇ ਪੱਖੀ ਸਰਕਾਰ ਦੀ 'ਬੇਰਹਿਮ ਕਾਰਵਾਈ' ਦੱਸਿਆ। ਪੁਲਸ ਕਾਰਵਾਈ ਦੀ ਸਖਤ ਆਲੋਚਨਾ ਕਰਦੇ ਹੋਏ ਭਾਕਪਾ ਦੇ ਸਹਾਇਕ ਸਕੱਤਰ ਕੇ. ਪ੍ਰਕਾਸ਼ ਬਾਬੂ ਨੇ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਇਕ 'ਕਾਲਾ ਕਾਨੂੰਨ' ਹੈ, ਜਿਸ ਦਾ ਪੁਲਸ ਗਲਤ ਵਰਤੋਂ ਕਰ ਰਹੀ ਹੈ।


author

DIsha

Content Editor

Related News