ਸਪਾ ’ਚ ਪਵੇਗੀ ਵੱਡੀ ਫੁੱਟ, ਕਈ ਆਗੂ ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ

Thursday, Jun 18, 2026 - 02:16 AM (IST)

ਸਪਾ ’ਚ ਪਵੇਗੀ ਵੱਡੀ ਫੁੱਟ, ਕਈ ਆਗੂ ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ

ਲਖਨਊ, ਕਾਨਪੁਰ - ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਦਾਅਵਾ ਕੀਤਾ ਹੈ ਕਿ ‘ਸਮਾਜਵਾਦੀ ਪਾਰਟੀ (ਸਪਾ) ਵਿਚ ਜਲਦੀ ਹੀ ਵੱਡੀ ਫੁੱਟ’ ਪੈਣ ਵਾਲੀ ਹੈ ਅਤੇ ਉਸ ਦੇ ਕਈ ਆਗੂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਜਿਸ ਤਰ੍ਹਾਂ ਸ਼ਿਵ ਸੈਨਾ ਵਿਚ ਫੁੱਟ ਪਈ ਸੀ, ਉਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਰਾਜਭਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਦਾਅਵਾ ਕੀਤਾ ਕਿ ਸਪਾ ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਸੌਂਪਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਕਥਿਤ ਪੱਤਰ ਦੀ ਸਮੱਗਰੀ ਜਾਂ ਉਸ ਨਾਲ ਜੁੜਿਆ ਕੋਈ ਸਬੂਤ ਜਨਤਕ ਨਹੀਂ ਕੀਤਾ।

ਰਾਜਭਰ ਨੇ ਦਾਅਵਾ ਕੀਤਾ ਕਿ ਇਹ ਸਥਿਤੀ ਸਿਰਫ ਮਹਾਰਾਸ਼ਟਰ ਜਾਂ ਪੱਛਮੀ ਬੰਗਾਲ ਤੱਕ ਸੀਮਤ ਨਹੀਂ ਹੈ, ਸਗੋਂ ਉੱਤਰ ਪ੍ਰਦੇਸ਼ ਵਿਚ ਵੀ ਕਈ ਆਗੂ ਆਪਣੇ ਸਿਆਸੀ ਭਵਿੱਖ ਨੂੰ ਦੇਖਦੇ ਹੋਏ ਭਾਜਪਾ ਦਾ ਰੁਖ਼ ਕਰ ਸਕਦੇ ਹਨ।

ਕੇਸ਼ਵ ਨੇ ਕਿਹਾ-ਸਪਾ ਦੇ 25-26 ਸੰਸਦ ਮੈਂਬਰ ਭਾਜਪਾ ਦੇ ਸੰਪਰਕ ’ਚ
ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਦਾਅਵਾ ਕੀਤਾ ਹੈ ਕਿ ਸਮਾਜਵਾਦੀ ਪਾਰਟੀ (ਸਪਾ) ਦੇ 25 ਤੋਂ 26 ਸੰਸਦ ਮੈਂਬਰ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਪਾਰਟੀ ਛੱਡਣ ਲਈ ਤਿਆਰ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਸੂਬੇ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਕਾਨਪੁਰ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਮੌਰਿਆ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ।

ਜੋ ਡਰ ਗਿਆ ਉਹ ਖ਼ਤਮ ਹੋ ਗਿਆ : ਅਖਿਲੇਸ਼
ਦੂਜੇ ਪਾਸੇ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਰਾਜਭਰ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਇਕ ਮਜ਼ਬੂਤ ਸੰਗਠਨ ਹੈ ਅਤੇ ਇਸ ਨੇ ਕਈ ਸਿਆਸੀ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਡਰ ਗਿਆ ਉਹ ਖ਼ਤਮ ਹੋ ਗਿਆ।
 


author

Inder Prajapati

Content Editor

Related News