ਇਸਲਾਮਾਬਾਦ-ਰਾਵਲਪਿੰਡੀ ’ਚ ਭਿਆਨਕ ਹੜ੍ਹ, 5-6 ਫੁੱਟ ਪਾਣੀ ’ਚ ਡੁੱਬੇ ਘਰ
Thursday, Sep 03, 2026 - 12:55 AM (IST)
ਇਸਲਾਮਾਬਾਦ - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਗੁਆਂਢੀ ਸ਼ਹਿਰ ਰਾਵਲਪਿੰਡੀ ਵਿਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਈ ਇਲਾਕਿਆਂ ’ਚ ਭਿਆਨਕ ਹੜ੍ਹ ਆ ਗਿਆ ਹੈ। ਕਈ ਥਾਵਾਂ ’ਤੇ 5 ਤੋਂ 6 ਫੁੱਟ ਤੱਕ ਪਾਣੀ ਭਰ ਜਾਣ ਨਾਲ ਘਰ ਜਲਥਲ ਹੋ ਗਏ ਹਨ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਾਵਲਪਿੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਨੇ ਸ਼ਹਿਰ ਦੇ ਡਰੇਨੇਜ ਸਿਸਟਮ ’ਤੇ ਭਾਰੀ ਦਬਾਅ ਪਾ ਦਿੱਤਾ। ਇਸ ਕਾਰਨ ਨਾਲ-ਏ-ਲਾਈ ਦਾ ਜਲ ਪੱਧਰ ਤੇਜ਼ੀ ਨਾਲ ਵਧ ਗਿਆ ਅਤੇ ਨਦੀਆਂ-ਨਾਲਿਆਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ।
ਕਟਾਰੀਆਨ ਪੁਲ ’ਤੇ ਨਾਲ-ਏ-ਲਾਈ ਦਾ ਪਾਣੀ ਦਾ ਪੱਧਰ 29.5 ਫੁੱਟ ਤੱਕ ਪਹੁੰਚਣ ਦੀ ਸੂਚਨਾ ਹੈ। ਹੜ੍ਹ ਦੀ ਭਿਆਨਕ ਸਥਿਤੀ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਵਲਪਿੰਡੀ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿਚ ਵਾਹਨ ਪਾਣੀ ’ਚ ਤੈਰਦੇ ਨਜ਼ਰ ਆਏ। ਕਈ ਇਲਾਕਿਆਂ ਵਿਚ ਪਾਣੀ ਇੰਨਾ ਡੂੰਘਾ ਹੋ ਗਿਆ ਕਿ ਵਾਹਨ ਪੂਰੀ ਤਰ੍ਹਾਂ ਡੁੱਬ ਗਏ ਅਤੇ ਸਿਰਫ਼ ਉਨ੍ਹਾਂ ਦੀਆਂ ਛੱਤਾਂ ਹੀ ਦਿਖਾਈ ਦੇ ਰਹੀਆਂ ਹਨ।
ਹੜ੍ਹ ਤੋਂ ਪ੍ਰਭਾਵਿਤ ਇਕ ਸਥਾਨਕ ਨਾਗਰਿਕ ਨੇ ਸਰਕਾਰ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇ ਸ਼ਹਿਰਾਂ ਦੇ ਵਿਕਾਸ ਅਤੇ ਜਲ ਨਿਕਾਸੀ ਵਿਵਸਥਾ ’ਤੇ ਲੋੜੀਂਦਾ ਪੈਸਾ ਖ਼ਰਚ ਕੀਤਾ ਜਾਂਦਾ ਤਾਂ ਸ਼ਾਇਦ ਅਜਿਹੀ ਸਥਿਤੀ ਪੈਦਾ ਨਾ ਹੁੰਦੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦਾ ਵੱਡਾ ਖ਼ਰਚ ਫ਼ੌਜ ’ਤੇ ਹੋ ਰਿਹਾ ਹੈ, ਜਦਕਿ ਨਾਗਰਿਕ ਸਹੂਲਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
