ਭਾਜਪਾ ਦੇ ਕਈ ਸਾਬਕਾ ਮੁੱਖ ਮੰਤਰੀ ਉਤਾਰੇ ਜਾ ਸਕਦੇ ਹਨ ਮੈਦਾਨ ’ਚ

02/04/2024 4:06:24 PM

ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਕੁਝ ਸੂਬਿਆਂ ਵਿਚ ਸਾਬਕਾ ਮੁੱਖ ਮੰਤਰੀਆਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਮੁੱਖ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਨ ’ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਨੂੰ ਪਿਛਲੇ 5 ਸਾਲਾਂ ਵਿਚ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਗੁਜਰਾਤ, ਤ੍ਰਿਪੁਰਾ, ਮੱਧ ਪ੍ਰਦੇਸ਼ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਬਿਪਲਬ ਦੇਬ, ਸ਼ਿਵਰਾਜ ਸਿੰਘ ਚੌਹਾਨ, ਤੀਰਥ ਸਿੰਘ, ਤ੍ਰਿਵੇਂਦਰ ਰਾਵਤ ਤੇ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਹਟਾ ਦਿੱਤਾ ਗਿਆ ਸੀ।

ਪੋਖਰਿਆਲ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ, ਇਸ ਲਈ ਉਨ੍ਹਾਂ ਨੂੰ ਮੁੜ ਲੋਕ ਸਭਾ ਟਿਕਟ ਲਈ ਨਾਮਜ਼ਦ ਨਹੀਂ ਕੀਤਾ ਜਾ ਸਕਦਾ ਪਰ ਦੂਜਿਆਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਕੁਝ ਹਲਕਿਆਂ ਵਿਚ ਅਜਿਹੀ ਚਰਚਾ ਹੈ ਕਿ ਕਿਸੇ ਸੂਬੇ ਵਿਚ ਮੌਜੂਦਾ ਮੁੱਖ ਮੰਤਰੀ ਨੂੰ ਲੋਕ ਸਭਾ ਚੋਣਾਂ ਲੜਨ ਲਈ ਕਿਹਾ ਜਾ ਸਕਦਾ ਹੈ। ਪਾਰਟੀ ਵਿਚ ਕਿਨਾਰੇ ਕੀਤੇ ਗਏ ਪੁਰਾਣੇ ਨੇਤਾਵਾਂ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਵਸੁੰਧਰਾ ਰਾਜੇ ਸਿੰਧੀਆ ਦੇ ਸਬੰਧ ਵਿਚ ਵੀ ਨਿਸ਼ਚਿਤ ਰੂਪ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਟਿਕਟ ਮਿਲੇਗੀ ਜਾਂ ਨਹੀਂ।

ਵਸੁੰਧਰਾ ਦੇ ਬੇਟੇ ਦੁਸ਼ਯੰਤ ਸਿੰਘ ਮੌਜੂਦਾ ਲੋਕ ਸਭਾ ਮੈਂਬਰ ਹਨ, ਇਸ ਲਈ ਇਕ ਟਿਕਟ ਦਾ ਫਾਰਮੂਲਾ ਲਾਗੂ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਰਾਜਸਥਾਨ ਵਿਚ ਵਿਧਾਇਕ ਦੇ ਰੂਪ ਵਿਚ ਬੈਠਣ ਅਤੇ ਪਾਰਟੀ ਲਈ ਪ੍ਰਚਾਰ ਕਰਨ ਲਈ ਕਿਹਾ ਜਾ ਸਕਦਾ ਹੈ। 70 ਸਾਲ ਅਤੇ ਉਸ ਦੇ ਨੇੜੇ ਤੇੜੇ ਦੇ ਵਧੇਰੇ ਭਾਜਪਾ ਸੰਸਦ ਮੈਂਬਰਾਂ ਨੂੰ ਡਰ ਹੈ ਕਿ ਉਨ੍ਹਾਂ ’ਤੇ ਗਾਜ ਡਿੱਗ ਸਕਦੀ ਹੈ। ਹਾਲਾਂਕਿ ਭਾਜਪਾ ਵਿਚ ਗੈਰ-ਰਸਮੀ ਸੇਵਾਮੁਕਤੀ ਦੀ ਉਮਰ 75 ਸਾਲ ਹੈ ਪਰ ਪਾਰਟੀ ਨੇਤਾਵਾਂ ਨੂੰ ਡਰ ਹੈ ਕਿ ਇਸ ਬੈਂਚਮਾਰਕ ਤੋਂ ਹੇਠਾਂ ਵਾਲਿਆਂ ਨੂੰ ਵੀ ‘ਜਿੱਤਣ ਦੀ ਸਮਰੱਥਾ’ ਵਾਲੇ ਕਾਰਕ ਦੀ ਵਰਤੋਂ ਕਰ ਕੇ ਹਟਾਇਆ ਜਾ ਸਕਦਾ ਹੈ। ਪਾਰਟੀ ਲੀਡਰਸ਼ਿਪ ਆਪਣੀਆਂ ਚਾਲਾਂ ਨੂੰ ਲੈ ਕੇ ਬੇਹੱਦ ਗੁਪਤ ਹੈ। ਇਥੋਂ ਤੱਕ ਕਿ ਸੀਨੀਅਰ ਨੇਤਾਵਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੀ ਯੋਜਨਾ ਬਣਾਈ ਜਾ ਰਹੀ ਹੈ। ਪੀ. ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਗੁਜਰਾਤ ਮਾਡਲ’ ਨੂੰ ਦੁਹਰਾਉਣ ਲਈ ਉਤਸੁਕ ਦਿਖਦੇ ਹਨ।

ਇਸ ਜੋੜੀ ਨੇ ਇਕ ਹੀ ਝਟਕੇ ਵਿਚ ਸੂਬੇ ਦੇ ਕਈ ਨੇਤਾਵਾਂ-ਸੀ. ਐੱਮ. ਤੋਂ ਲੈ ਕੇ ਮੰਤਰੀਆਂ ਤੱਕ ਨੂੰ 2022 ਵਿਚ ਨਵੇਂ ਚਿਹਰਿਆਂ ਨਾਲ ਬਦਲ ਦਿੱਤਾ ਸੀ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਉਮੀਦਵਾਰ ਦੀ ਚੋਣ ਦੇ ਸਫਲ ਪ੍ਰਯੋਗਾਂ ਤੋਂ ਬਾਅਦ ਇਸੇ ਤਰ੍ਹਾਂ ਦੀ ਕਵਾਇਦ ਹੋ ਸਕਦੀ ਹੈ। ਅਜਿਹੇ ਵਿਚ ਕਈ ਸੀਨੀਅਰ ਸੰਸਦ ਮੈਂਬਰ ਖੁਦ ਨੂੰ ਹਾਸ਼ੀਏ ’ਤੇ ਪਾਉਣਗੇ।


Rakesh

Content Editor

Related News