ਨਕਲੀ ਦਵਾਈਆਂ ’ਤੇ ‘ਕਦੇ ਵੀ ਬਰਦਾਸ਼ਤ ਨਹੀਂ’ ਦੀ ਨੀਤੀ ਜਾਰੀ, 71 ਕੰਪਨੀਆਂ ਨੂੰ ਭੇਜੇ ਨੋਟਿਸ : ਮਾਂਡਵੀਆ
Wednesday, Jun 21, 2023 - 12:25 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ ਨਕਲੀ ਦਵਾਈਆਂ ਦੇ ਮਾਮਲੇ ’ਚ ‘ਕਦੇ ਵੀ ਬਰਦਾਸ਼ਤ ਨਾ ਕਰਨ’ ਦੀ ਨੀਤੀ ਦੀ ਪਾਲਣਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਖਾਂਸੀ ਰੋਕਣ ਲਈ ਭਾਰਤ ’ਚ ਬਣੇ ਸਿਰਪ ਕਾਰਨ ਕਥਿਤ ਮੌਤਾਂ ਬਾਰੇ ਕੁਝ ਹਲਕਿਆਂ ’ਚ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ 71 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ’ਚੋਂ 18 ਨੂੰ ਬੰਦ ਕਰਨ ਲਈ ਕਿਹਾ ਗਿਆ ਹੈ।
ਇਕ ਵਿਸ਼ੇਸ਼ ਇੰਟਰਵਿਊ ’ਚ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ’ਚ ਗੁਣਵੱਤਾਪੂਰਣ ਦਵਾਈਆਂ ਦਾ ਉਤਪਾਦਨ ਯਕੀਨੀ ਬਣਾਉਣ ਲਈ ਲਗਾਤਾਰ ਵਿਆਪਕ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਸਰਕਾਰ ਅਤੇ ਰੈਗੂਲੇਟਰ ਹਮੇਸ਼ਾ ਇਹ ਯਕੀਨੀ ਬਣਾਉਣ ਲਈ ਚੌਕਸ ਰਹਿੰਦੇ ਹਨ ਕਿ ਨਕਲੀ ਦਵਾਈਆਂ ਕਾਰਨ ਕਿਸੇ ਦੀ ਮੌਤ ਨਾ ਹੋਵੇ।
ਮਨਸੁਖ ਮਾਂਡਵੀਆ ਨੇ ਕਿਹਾ ਕਿ ਕੋਵਿਡ-19 ਸਥਾਨਕ ਬੀਮਾਰੀ ਬਣਨ ਦੇ ਕੰਢੇ ’ਤੇ ਹੈ ਪਰ ਭਾਰਤੀ ਵਿਗਿਆਨੀ ਹਰ ਇਕ ਨਵੇਂ ਸਰੂਪ ਨੂੰ ਲੈ ਕੇ ਸਖਤ ਨਜ਼ਰ ਰੱਖ ਰਹੇ ਹਨ ਅਤੇ ਸਰਕਾਰ ਹਾਈ ਅਲਰਟ ਜਾਰੀ ਰੱਖੇਗੀ। ਉਨ੍ਹਾਂ ਦਰਸਾਇਆ ਕਿ ਕੋਰੋਨਾ ਵਾਇਰਸ ਜ਼ਿੰਦਾ ਰਹਿਣ ’ਚ ਕਾਮਯਾਬ ਰਿਹਾ ਹੈ ਅਤੇ ਇਹ ਕਾਇਮ ਰਹਿਣ ਜਾ ਰਿਹਾ ਹੈ।