ਮੋਦੀ-ਸ਼ਾਹ ਦੇ ਭਰੋਸੇਮੰਦ ਮਨੋਜ ਸਿਨਹਾ ਨੂੰ ਮਿਲੀ ਜੰਮੂ-ਕਸ਼ਮੀਰ ਦੀ ਕਮਾਨ

08/06/2020 1:48:55 PM

ਜੰਮੂ— ਮਿੱਠਾ ਬੋਲਣ ਵਾਲੇ, ਸਾਦਗੀ ਭਰਪੂਰ ਅਤੇ ਈਮਾਨਦਾਰ ਅਕਸ ਦੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੋਜ ਸਿਨਹਾ ਨੂੰ ਜੰਮੂ-ਕਸ਼ਮੀਰ ਦੇ ਉੱਪਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਦੀ ਪਹਿਲੀ ਵਰ੍ਹੇਗੰਢ ਦੇ ਠੀਕ ਅਗਲੇ ਦਿਨ ਸਿਨਹਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਗਿਰੀਸ਼ ਚੰਦਰ ਮੁਰਮੂ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਦੇ ਪਹਿਲੇ ਉੱਪ ਰਾਜਪਾਲ ਮੁਰਮੂ ਬਣੇ ਸਨ ਪਰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। 

ਦੱਸਣਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਸੀ। ਮਨੋਜ ਸਿਨਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸਪਾਤਰ ਨੇਤਾਵਾਂ 'ਚੋਂ ਇਕ ਹਨ ਅਤੇ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ 'ਚ ਸੰਚਾਰ ਅਤੇ ਰੇਲ ਰਾਜ ਮੰਤਰੀ ਵਰਗੇ ਮੁੱਖ ਅਹੁਦਿਆਂ 'ਤੇ ਰਹੇ। ਤਿੰਨ ਵਾਰ ਸੰਸਦ ਮੈਂਬਰ ਰਹੇ ਸਿਨਹਾ ਪਿਛਲੀਆਂ ਆਮ ਚੋਣਾਂ ਉੱਤਰ ਪ੍ਰਦੇਸ਼ ਦੇ ਗਾਜੀਪੁਰ ਤੋਂ ਹਾਰ ਗਏ ਸਨ। ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਤੋਂ ਵਿਦਿਆਰਥੀ ਸੰਘ ਦੇ ਪ੍ਰਧਾਨ ਬਣ ਕੇ ਉਨ੍ਹਾਂ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ।

ਗਾਜੀਪੁਰ ਜ਼ਿਲ੍ਹੇ ਦੇ ਮੋਹਨਪੁਰਾ ਪਿੰਡ ਵਿਚ ਇਕ ਕਿਸਾਨ ਪਰਿਵਾਰ 'ਚ 1 ਜੁਲਾਈ 1959 ਨੂੰ ਜਨਮੇ 61 ਸਾਲਾ ਸਿਨਹਾ ਨੇ ਵਿਦਿਆਰਥੀ ਜੀਵਨ ਤੋਂ ਸਿਆਸਤ ਵਿਚ ਕਦਮ ਰੱਖਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਪਿੰਡ ਦੇ ਸਕੂਲ ਤੋਂ ਸ਼ੁਰੂਆਤੀ ਪੜ੍ਹਾਈ ਕਰਨ ਮਗਰੋਂ ਅੱਗੇ ਦੀ ਸਿੱਖਿਆ ਲਈ ਦੇਸ਼ ਦੀ ਵੱਕਾਰੀ ਕਾਸ਼ੀ ਹਿੰਦੂ ਯੂਨੀਵਰਸਿਟੀ ਪਹੁੰਚੇ। ਵਾਰਾਣਸੀ ਵਿਚ ਹੀ ਆਈ. ਆਈ. ਟੀ. ਦੀ ਉੱਚ ਸਿੱਖਿਆ ਹਾਸਲ ਕਰਨ ਮਗਰੋਂ ਉੱਥੋਂ ਹੀ ਵਿਦਿਆਰਥੀ ਰਾਜਨੀਤੀ ਦੀ ਸ਼ੁਰੂਆਤ ਕੀਤੀ। ਉਹ 1982 'ਚ ਬੀ. ਐੱਚ. ਯੂ. ਵਿਦਿਆਰਥੀ ਸੰਘ ਦੇ ਪ੍ਰਧਾਨ ਬਣੇ। ਆਈ. ਆਈ. ਟੀ. ਕਰਨ ਮਗਰੋਂ ਸਿਨਹਾ ਨੂੰ ਕਈ ਚੰਗੀਆਂ ਨੌਕਰੀਆਂ ਦੀ ਪੇਸ਼ਕਸ਼ ਆਈ ਪਰ ਉਨ੍ਹਾਂ ਨੇ ਜੀਵਨ 'ਚ ਸਿਆਸਤ ਨੂੰ ਚੁਣਿਆ।


Tanu

Content Editor

Related News