ਮਨੋਜ ਕੁਮਾਰ ਦੇ ਦਿਹਾਂਤ ''ਤੇ PM ਮੋਦੀ ਵੀ ਹੋਏ ਦੁਖੀ, ਕਿਹਾ- ਭਾਰਤੀ ਸਿਨੇਮਾ ਦੇ ਪ੍ਰਤੀਕ ਸਨ
Friday, Apr 04, 2025 - 12:27 PM (IST)

ਨਵੀਂ ਦਿੱਲੀ- ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਕਰ ਲਿਖਿਆ- ''ਮਹਾਨ ਅਦਾਕਾਰ ਅਤੇ ਫਿਲਮਕਾਰ ਮਨੋਜ ਕੁਮਾਰ ਦੇ ਦਿਹਾਂਤ ਤੋਂ ਬਹੁਤ ਦੁਖ ਹੋਇਆ। ਉਹ ਭਾਰਤੀ ਸਿਨੇਮਾ ਦੇ ਪ੍ਰਤੀਕ ਸਨ, ਜਿਨ੍ਹਾਂ ਨੂੰ ਦੇਸ਼ ਭਗਤੀ ਦੇ ਜੋਸ਼ ਲਈ ਯਾਦ ਕੀਤਾ ਜਾਂਦਾ ਸੀ, ਜੋ ਉਨ੍ਹਾਂ ਦੀਆਂ ਫਿਲਮਾਂ 'ਚ ਝਲਕਦਾ ਸੀ। ਉਨ੍ਹਾਂ ਦੇ ਕੰਮਾਂ ਨੇ ਰਾਸ਼ਟਰੀ ਮਾਣ ਦੀ ਭਾਵਨਾ ਨੂੰ ਜਗਾਇਆ। ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੁਖ ਦੀ ਘੜੀ 'ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹੈ। ਓਮ ਸ਼ਾਂਤੀ।''
ਪ੍ਰਧਾਨ ਮੰਤਰੀ ਮੋਦੀ ਨੇ ਅਦਾਕਾਰ ਨਾਲ ਆਪਣੀ ਯਾਦਗਾਰ ਤਸਵੀਰਾਂ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ (87) ਦਾ ਦਿਹਾਂਤ ਹੋ ਗਿਆ। ਅਦਾਕਾਰ ਨੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਏਬਟਾਬਾਦ ਵਿਚ ਜਨਮ ਲਿਆ ਸੀ। ਮੌਜੂਦਾ ਸਮੇਂ ਵਿਚ ਏਬਟਾਬਾਦ ਪਾਕਿਸਤਾਨ ਦੇ ਖੈਬਰ ਪਖਤੂਨਖ਼ਵਾ ਸੂਬੇ ਦਾ ਇਕ ਸ਼ਹਿਰ ਹੈ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਮਨੋਜ ਕੁਮਾਰ ਦਾ ਅਸਲੀ ਨਾਂ ਹਰੀਕਿਸ਼ਨ ਗਿਰੀ ਗੋਸਵਾਮੀ ਹੈ। ਪਾਕਿਸਤਾਨ ਦੇ ਏਬਟਾਬਾਦ ਵਿਚ ਜਨਮੇ ਮਨੋਜ ਕੁਮਾਰ ਨੇ ਫਿਲਮਾਂ ਵਿਚ ਆਉਣ ਮਗਰੋਂ ਆਪਣਾਂ ਨਾਂ ਬਦਲ ਲਿਆ ਸੀ।