SYL 'ਤੇ CM ਮਾਨ ਨਾਲ ਬੈਠਕ ਮਗਰੋਂ ਮਨੋਹਰ ਖੱਟੜ ਦਾ ਵੱਡਾ ਬਿਆਨ

Friday, Oct 14, 2022 - 01:46 PM (IST)

SYL 'ਤੇ CM ਮਾਨ ਨਾਲ ਬੈਠਕ ਮਗਰੋਂ ਮਨੋਹਰ ਖੱਟੜ ਦਾ ਵੱਡਾ ਬਿਆਨ

ਹਰਿਆਣਾ- ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਦੇ ਵਿਵਾਦ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੈਠਕ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਖੱਟੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਖੱਟੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਹੈ। ਇਸ ਬਾਰੇ ਕੇਂਦਰ ਨੂੰ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਬਾਰੇ ਹੋਰ ਬੈਠਕ ਕਰਨੀ ਹੈ ਜਾਂ ਨਹੀਂ ਇਸ ਬਾਰੇ ਕੇਂਦਰ ਸਰਕਾਰ ਤੈਅ ਕਰੇਗੀ। ਉੱਥੇ ਹੀ ਖੱਟੜ ਨੇ ਟਵੀਟ ਕਰ ਕੇ ਕਿਹਾ,''ਐੱਸ.ਵਾਈ.ਐੱਲ. ਦਾ ਨਿਰਮਾਣ ਹਰਿਆਣਾ ਲਈ ਜੀਵਨ-ਮਰਨ ਦਾ ਸਵਾਲ ਹੈ। ਸੁਪਰੀਮ ਕੋਰਟ ਵਲੋਂ ਐੱਸ.ਵਾਈ.ਐੱਲ. ਦੇ ਨਿਰਮਾਣ ਲਈ ਦਿੱਤੇ ਗਏ ਨਿਰਦੇਸ਼ ਅਨੁਸਾਰ ਅੱਜ ਅਸੀਂ ਪੰਜਾਬ ਸਰਕਾਰ ਨਾਲ ਚੰਡੀਗੜ੍ਹ 'ਚ ਬੈਠਕ ਕੀਤੀ। ਪੰਜਾਬ ਸਰਕਾਰ ਇਸ ਵਿਸ਼ੇ 'ਤੇ ਸਹਿਮਤ ਨਹੀਂ ਹੋਈ, ਹੁਣ ਅਸੀਂ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਜੀ ਨੂੰ ਬੈਠਕ ਦੇ ਵਿਸ਼ੇ ਬਾਰੇ ਦੱਸਾਂਗੇ।'' ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੈਠਕ 'ਚ ਘਗਰ ਨਦੀ ਦੇ ਪਾਣੀ ਨੂੰ ਸਾਫ਼ ਕਰਨ ਲਈ ਦੋਹਾਂ ਸੂਬਿਆਂ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਹੈ।

PunjabKesari

ਇਹ ਹੈ ਸਤਲੁਜ-ਯਮੁਨਾ ਲਿੰਕ ਵਿਵਾਦ

ਪੰਜਾਬ ਤੋਂ ਹਰਿਆਣਾ 1 ਨਵੰਬਰ 1966 ਨੂੰ ਵੱਖ ਹੋ ਗਿਆ ਪਰ ਉਸ ਸਮੇਂ ਪਾਣੀ ਦੀ ਵੰਡ ਨਹੀਂ ਸੀ ਹੋਈ। ਕੁਝ ਸਾਲਾਂ ਬਾਅਦ ਕੇਂਦਰ ਨੇ ਹਰਿਆਣਾ ਨੂੰ 3.5 MAF ਪਾਣੀ ਅਲਾਟ ਕੀਤਾ। ਇਸ ਪਾਣੀ ਨੂੰ ਲਿਆਉਣ ਲਈ  SYL ਨਹਿਰ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਈ ਸਾਲ ਪਹਿਲਾਂ ਪੂਰਾ ਕਰ ਲਿਆ ਸੀ ਪਰ ਪੰਜਾਬ ਨੇ ਅਜੇ ਤੱਕ ਆਪਣੇ ਹਿੱਸੇ ਦਾ ਨਿਰਮਾਣ ਨਹੀਂ ਕੀਤਾ। ਹਾਲਾਂਕਿ ਇਹ ਮਾਮਲਾ ਅਜੇ ਵੀ ਠੰਡੇ ਬਸਤੇ ’ਚ ਹੈ। ਸੁਪਰੀਮ ਕੋਰਟ ’ਚ ਇਹ ਮੁੱਦਾ ਕਈ ਵਾਰ ਉੱਠਿਆ ਹੈ ਅਤੇ ਹਰ ਵਾਰ ਦੋਹਾਂ ਸੂਬਿਆਂ ਨੂੰ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਆਖੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News