ਮੋਦੀ 2.0 'ਚ 'ਮਨ ਕੀ ਬਾਤ' ਦਾ 30 ਜੂਨ ਨੂੰ ਹੋਵੇਗਾ ਮੁੜ ਪ੍ਰਸਾਰਣ

06/15/2019 4:24:02 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਮਹੀਨੇ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲਾ ਮਹੀਨਾਵਰ ਪ੍ਰੋਗਰਾਮ 'ਮਨ ਕੀ ਬਾਤ' ਦਾ ਪ੍ਰਸਾਰਣ 30 ਜੂਨ ਤੋਂ ਫਿਰ ਸ਼ੁਰੂ ਹੋ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਭਾਵ ਸ਼ਨੀਵਾਰ ਨੂੰ ਟਵੀਟ ਕਰਦੇ ਹੋਏ ਦੱਸਿਆ ਹੈ, ''30 ਜੂਨ ਨੂੰ ਸਵੇਰੇ 11 ਵਜੇ ਰੇਡੀਓ ਪ੍ਰੋਗਰਾਮ 'ਚ ਫਿਰ ਮਿਲਦੇ ਹਾਂ ਅਤੇ ਦੇਸ਼ ਦੀ 130 ਕਰੋੜ ਆਬਾਦੀ ਦੀ ਸ਼ਕਤੀ ਦਾ ਜਸ਼ਨ ਮਨਾਉਂਦੇ ਹਾਂ। ਮੈਨੂੰ ਉਮੀਦ ਹੈ ਕਿ 'ਮਨ ਕੀ ਬਾਤ' ਲਈ ਤੁਹਾਡੇ ਕੋਲ ਕਹਿਣ ਨੂੰ ਬਹੁਤ ਕੁਝ ਹੋਵੇਗਾ। ਆਪਣੀ ਗੱਲ ਨਮੋ ਐਪ ਰਾਹੀਂ ਦੱਸੋ।''

PunjabKesari

ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਦੇ ਰੇਡੀਓ ਪ੍ਰੋਗਰਾਮ ਲਈ ਲੋਕਾਂ ਨੂੰ ਟੋਲ ਫ੍ਰੀ ਨੰਬਰ 'ਤੇ ਫੋਨ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ,'' ਇਸ ਮਹੀਨੇ 'ਮਨ ਕੀ ਬਾਤ' ਲਈ ਟੋਲ ਫ੍ਰੀ ਨੰਬਰ 1800117800 'ਤੇ ਆਪਣਾ ਮੈਸੇਜ ਰਿਕਾਰਡ ਕਰਵਾਓ। ਇਸ ਦੇ ਨਾਲ ਹੀ ਤੁਸੀਂ 'ਮਾਈਗੋਵ ਓਪਨ ਫੋਰਮ' (Mygov Open Forum) ਤੇ ਵੀ ਆਪਣੇ ਮਨ ਕੀ ਬਾਤ ਲਿਖ ਕੇ ਭੇਜ ਸਕਦੇ ਹੋ। ਫੋਨ ਲਾਈਨ 26 ਜੂਨ ਤੱਕ ਸਾਰਿਆਂ ਲਈ ਖੁੱਲੀ ਹੈ। 

ਪ੍ਰਧਾਨ ਮੰਤਰੀ ਨੇ ਰੇਡੀਓ 'ਤੇ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਪਿਛਲੇ ਕਾਰਜਕਾਲ ਦੇ ਆਰੰਭ 'ਚ ਕੀਤੀ ਸੀ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਖਾਦੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੀ ਵਾਰ ਉਨ੍ਹਾਂ ਨੇ 24 ਫਰਵਰੀ ਨੂੰ ਆਖਰੀ ਵਾਰ 'ਮਨ ਕੀ ਬਾਤ' ਕੀਤੀ ਸੀ। ਉਸ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਪ੍ਰੋਗਰਾਮ ਦੇ ਪ੍ਰਸਾਰਣ ਨੂੰ ਬੰਦ ਕਰ ਦਿੱਤਾ ਗਿਆ ਸੀ। ਪੀ. ਐੱਮ. ਮੋਦੀ ਨੇ ਪਿਛਲੇ ਕਾਰਜਕਾਲ ਦੇ ਆਪਣੇ ਆਖਰੀ ਪ੍ਰਸਾਰਣ 'ਚ ਕਿਹਾ ਸੀ ਕਿ ਚੋਣਾਂ 'ਚ ਰੁੱਝੇ ਰਹਿਣ ਕਾਰਨ ਅਗਲੇ ਦੋ ਮਹੀਨਿਆਂ ਤੱਕ 'ਮਨ ਕੀ ਬਾਤ' ਨਹੀਂ ਕੀਤੀ ਜਾ ਸਕੇਗੀ ਅਤੇ ਮਈ ਮਹੀਨੇ ਦੇ ਆਖਰੀ ਹਫਤੇ 'ਚ ਮਿਲਾਂਗੇ। ਉਦੋਂ ਤੱਕ ਲੋਕ ਸਭਾ ਲਈ ਚੋਣ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਹੋਈ ਸੀ।


Iqbalkaur

Content Editor

Related News