ਡਾ. ਮਨਮੋਹਨ ਸਿੰਘ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ''ਚ ਸੋਗ, ਸੰਨੀ ਦਿਓਲ ਤੋਂ ਮਾਧੁਰੀ ਤੱਕ ਨੇ ਪ੍ਰਗਟਾਇਆ ਦੁੱਖ
Friday, Dec 27, 2024 - 01:58 PM (IST)
ਐਂਟਰਟੇਨਮੈਂਟ ਡੈਸਕ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ (26 ਦਸੰਬਰ) ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਰਾਤ ਕਰੀਬ 8 ਵਜੇ ਨਵੀਂ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼) 'ਚ ਦਾਖ਼ਲ ਕਰਵਾਇਆ ਗਿਆ ਸੀ। ਭਾਰਤ ਦੇ ਆਰਥਿਕ ਸੁਧਾਰਾਂ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੂਰਾ ਦੇਸ਼ ਸੋਗ 'ਚ ਹੈ। ਇਸ ਦੇ ਨਾਲ ਹੀ ਫ਼ਿਲਮ ਇੰਡਸਟਰੀ ਦੀਆਂ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ 2 ਵਾਰ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਦੀ ਵਿਰਾਸਤ ਨੂੰ ਵੀ ਯਾਦ ਕੀਤਾ ਹੈ।
ਸੰਨੀ ਦਿਓਲ
ਭਾਰਤੀ ਸਿਨੇਮਾ 'ਚ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਐਕਸ 'ਤੇ ਇੱਕ ਸੰਦੇਸ਼ ਸਾਂਝਾ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ, ਸੰਨੀ ਦਿਓਲ ਨੇ ਭਾਰਤ ਦੀ ਆਰਥਿਕ ਪ੍ਰਣਾਲੀ ਨੂੰ ਆਕਾਰ ਦੇਣ 'ਚ ਮਨਮੋਹਨ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਲਿਖਿਆ, 'ਮੈਂ ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ, ਉਹ ਇੱਕ ਦੂਰਅੰਦੇਸ਼ੀ ਨੇਤਾ ਸਨ, ਜਿਨ੍ਹਾਂ ਨੇ ਭਾਰਤ ਦੇ ਆਰਥਿਕ ਉਦਾਰੀਕਰਨ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸੂਝ-ਬੂਝ, ਇਮਾਨਦਾਰੀ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੇਰੇ ਦਿਲ ਤੋਂ ਹਮਦਰਦੀ।'
ਚਿਰੰਜੀਵੀ
ਦੱਖਣੀ ਮੈਗਾਸਟਾਰ ਚਿਰੰਜੀਵੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ 'ਤੇ ਮਨਮੋਹਨ ਸਿੰਘ ਨਾਲ ਆਪਣੀ ਇੱਕ ਯਾਦਗਾਰ ਤਸਵੀਰ ਸਾਂਝੀ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, 'ਇੱਕ ਮਹਾਨ ਸਿਆਸਤਦਾਨਾਂ 'ਚੋਂ ਇੱਕ, ਡਾ. ਮਨਮੋਹਨ ਸਿੰਘ ਜੀ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਸਾਡੇ ਦੇਸ਼ ਨੇ ਹੁਣ ਤੱਕ ਦੇ ਸਭ ਤੋਂ ਵੱਧ ਪੜ੍ਹੇ-ਲਿਖੇ, ਸਭ ਤੋਂ ਨਿਮਰ, ਨਰਮ ਬੋਲਣ ਵਾਲੇ ਅਤੇ ਨਿਮਰ ਨੇਤਾ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿੱਤਾ ਹੈ। ਵਿੱਤ ਮੰਤਰੀ ਅਤੇ ਫਿਰ ਲਗਾਤਾਰ 2 ਵਾਰ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਬਹੁਤ ਹੀ ਸਫ਼ਲ ਕਾਰਜਕਾਲ ਇਤਿਹਾਸ 'ਚ ਹਮੇਸ਼ਾ ਲਈ ਲਿਖਿਆ ਜਾਵੇਗਾ।'
ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਆਪਣੇ ਆਪ ਨੂੰ ਖਾਸ ਅਤੇ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਉਨ੍ਹਾਂ ਵਰਗੇ ਦਿੱਗਜ ਵਿਅਕਤੀ ਦੇ ਕਾਰਜਕਾਲ ਦੌਰਾਨ ਸੰਸਦ ਮੈਂਬਰ ਅਤੇ ਸੈਰ-ਸਪਾਟਾ ਰਾਜ ਮੰਤਰੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਹਮੇਸ਼ਾ ਉਸ ਨਾਲ ਆਪਣੀ ਗੱਲਬਾਤ ਅਤੇ ਉਸ ਤੋਂ ਪ੍ਰਾਪਤ ਪ੍ਰੇਰਨਾ ਅਤੇ ਗਿਆਨ ਦੀ ਕਦਰ ਕਰਾਂਗਾ। ਇਹ ਸਾਡੇ ਦੇਸ਼ ਲਈ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਮਨਮੋਹਨ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਓਮ ਸ਼ਾਂਤੀ।'
ਮਾਧੁਰੀ ਦੀਕਸ਼ਿਤ
ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਡਾ. ਮਨਮੋਹਨ ਸਿੰਘ ਦੀ ਯਾਤਰਾ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸੇਵਾ ਸੱਚੀ ਸੂਝ ਅਤੇ ਸ਼ਿਸ਼ਟਾਚਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਅਗਵਾਈ ਸਾਨੂੰ ਯਾਦ ਦਿਵਾਉਂਦੀ ਹੈ ਕਿ ਸ਼ਾਂਤ ਇਰਾਦਾ ਪਹਾੜਾਂ ਨੂੰ ਹਿਲਾ ਸਕਦਾ ਹੈ। ਇੱਕ ਅਸਾਧਾਰਨ ਨੇਤਾ ਅਤੇ ਇੱਕ ਹੋਰ ਵੀ ਅਸਾਧਾਰਨ ਮਨੁੱਖ। ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪਿਆਰਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਓਮ ਸ਼ਾਂਤੀ।''
ਰਿਤੇਸ਼ ਦੇਸ਼ਮੁਖ
ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਆਪਣੇ ਪਿਤਾ ਵਿਲਾਸ ਰਾਓ ਦੇਸ਼ਮੁਖ ਨਾਲ ਮਨਮੋਹਨ ਸਿੰਘ ਦੀਆਂ ਤਸਵੀਰਾਂ ਐਕਸ 'ਤੇ ਸ਼ੇਅਰ ਕੀਤੀਆਂ ਹਨ ਅਤੇ ਉਸ ਪਲ ਨੂੰ ਯਾਦ ਕਰਦੇ ਹੋਏ ਲਿਖਿਆ, ''ਅੱਜ ਅਸੀਂ ਭਾਰਤ ਦੇ ਸਭ ਤੋਂ ਵਧੀਆ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੂੰ ਗੁਆ ਦਿੱਤਾ ਹੈ, ਜਿਸ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ। ਉਹ ਇੱਜ਼ਤ ਅਤੇ ਨਿਮਰਤਾ ਦਾ ਪ੍ਰਤੀਕ ਸੀ। ਅਸੀਂ ਉਸ ਦੀ ਵਿਰਾਸਤ ਦੇ ਸਦਾ ਰਿਣੀ ਰਹਾਂਗੇ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। ਮਨਮੋਹਨ ਸਿੰਘ ਜੀ ਦਾ ਧੰਨਵਾਦ।''
ਸੰਜੇ ਦੱਤ
ਸੰਜੇ ਦੱਤ ਨੇ ਵੀ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਐਕਸ ਪੋਸਟ 'ਚ ਲਿਖਿਆ ਹੈ, ''ਡਾ. ਮਨਮੋਹਨ ਸਿੰਘ ਜੀ ਦੇ ਦਿਹਾਂਤ ਨਾਲ ਮੈਂ ਬਹੁਤ ਦੁਖੀ ਹਾਂ। ਭਾਰਤ ਲਈ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।''
ਨਿਮਰਤ ਕੌਰ
ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਨਿਮਰਤ ਕੌਰ ਨੇ ਲਿਖਿਆ, ''ਡਾ. ਮਨਮੋਹਨ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਤਿਨਾਮ ਵਾਹਿਗੁਰੂ।'
ਰਣਦੀਪ ਹੁੱਡਾ
ਰਣਦੀਪ ਹੁੱਡਾ ਨੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨ੍ਹਾਂ ਨੇ ਭਾਰਤ ਦੀ ਆਰਥਿਕ ਸਥਿਤੀ ਦੇ ਸੰਬੰਧ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, ''ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ, ਜਿਨ੍ਹਾਂ ਦੀ ਮਾਣਯੋਗ ਅਗਵਾਈ ਅਤੇ ਭਾਰਤ ਦੇ ਆਰਥਿਕ ਉਦਾਰੀਕਰਨ 'ਚ ਮਹੱਤਵਪੂਰਨ ਭੂਮਿਕਾ ਨੇ ਦੇਸ਼ ਨੂੰ ਬਦਲ ਦਿੱਤਾ। ਉਸ ਦੀ ਸੂਝ ਅਤੇ ਇਮਾਨਦਾਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਓਮ ਸ਼ਾਂਤੀ।''
ਮਨੋਜ ਬਾਜਪਾਈ
ਮਨੋਜ ਬਾਜਪਾਈ ਨੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਬਕਾ ਪ੍ਰਧਾਨ ਮੰਤਰੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਸਾਡੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਤੋਂ ਦੁਖੀ ਹਾਂ। ਇੱਕ ਅਜਿਹਾ ਸਿਆਸਤਦਾਨ ਜਿਸ ਦਾ ਸਾਡੇ ਦੇਸ਼ ਦੇ ਵਿਕਾਸ ਦੇ ਹਰ ਪਹਿਲੂ ਵਿੱਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ।''
ਦਿਸ਼ਾ ਪਟਾਨੀ
ਸਾਬਕਾ ਪ੍ਰਧਾਨ ਮੰਤਰੀ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਦਿਸ਼ਾ ਪਟਾਨੀ ਨੇ ਐਕਸ 'ਤੇ ਲਿਖਿਆ, ''ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇੱਕ ਦੂਰਅੰਦੇਸ਼ੀ ਨੇਤਾ ਸਨ, ਜਿਨ੍ਹਾਂ ਨੇ ਭਾਰਤ ਦੀ ਆਰਥਿਕਤਾ ਨੂੰ ਬਦਲ ਦਿੱਤਾ। ਉਨ੍ਹਾਂ ਦੀ ਸਿਆਣਪ ਅਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਸ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ।''
ਕੀ ਹੈ ਡਾ. ਮਨਮੋਹਨ ਸਿੰਘ ਦਾ ਪੰਜਾਬ ਨਾਲ ਸੰਬੰਧ
ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਡਾ. ਮਨਮੋਹਨ ਸਿੰਘ ਦੀਆਂ ਜੜ੍ਹਾਂ ਪੰਜਾਬ ਅਤੇ ਚੰਡੀਗੜ੍ਹ 'ਚ ਹਨ। ਜੀ ਹਾਂ...26 ਸਤੰਬਰ 1932 ਨੂੰ ਪਾਕਿਸਤਾਨ 'ਚ ਜਨਮੇ ਡਾ. ਸਿੰਘ 1947 ਦੀ ਵੰਡ ਦਾ ਸਦਮਾ ਵੀ ਹੰਢਾ ਚੁੱਕੇ ਹਨ, ਉਸ ਸਮੇਂ ਸਿੰਘ ਦੀ ਉਮਰ ਲਗਭਗ 15 ਸਾਲ ਦੀ ਸੀ। ਫਿਰ ਵੱਡੇ ਪਰਵਾਸ ਦੌਰਾਨ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਪੰਜਾਬ ਦੇ ਧਾਰਮਿਕ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ 'ਚ ਵੱਸ ਗਏ। ਇੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਏਮਜ਼ ਨੇ ਦੱਸਿਆ ਕਿ ਮਨਮੋਹਨ ਸਿੰਘ ਦੀ ਉਮਰ ਸੰਬੰਧੀ ਬੀਮਾਰੀਆਂ ਕਾਰਨ ਮੌਤ ਹੋਈ ਹੈ। ਉਨ੍ਹਾਂ ਨੇ 2004 ਤੋਂ 2014 ਤੱਕ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ। ਉਨ੍ਹਾਂ ਨੇ 2004 'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ਵਿਰੁੱਧ 2004 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ 2009 ਤੋਂ 2014 ਤੱਕ ਆਪਣਾ ਦੂਜਾ ਕਾਰਜਕਾਲ ਪੂਰਾ ਕੀਤਾ। ਇਸ ਤੋਂ ਬਾਅਦ 2014 'ਚ ਪੀ. ਐੱਮ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਥਾਂ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।