ਦਿੱਗਜ ਫਿਲਮ ਨਿਰਮਾਤਾ ਦਾ ਦਿਹਾਂਤ, ਸੜਕ ਹਾਦਸੇ ਨੇ ਖੋਹ ਲਈ ਜਾਨ

Wednesday, May 06, 2026 - 03:32 AM (IST)

ਦਿੱਗਜ ਫਿਲਮ ਨਿਰਮਾਤਾ ਦਾ ਦਿਹਾਂਤ, ਸੜਕ ਹਾਦਸੇ ਨੇ ਖੋਹ ਲਈ ਜਾਨ

ਚੇਨਈ : ਦੱਖਣੀ ਭਾਰਤੀ ਫਿਲਮ ਜਗਤ (ਕਾਲੀਵੁੱਡ) ਤੋਂ ਇੱਕ ਬਹੁਤ ਹੀ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਮਾਤਾ ਅਤੇ ਪ੍ਰਸਿੱਧ ਅਦਾਕਾਰ ਜੀਵਾ (Jiiva) ਦੇ ਪਿਤਾ ਆਰ.ਬੀ. ਚੌਧਰੀ ਦਾ ਮੰਗਲਵਾਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ। ਉਹ 76 ਸਾਲਾਂ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਤਿੰਨ ਬੇਟੇ ਜੀਵਾ, ਰਮੇਸ਼ ਅਤੇ ਸੁਰੇਸ਼ ਹਨ।

ਮਿਲੀ ਜਾਣਕਾਰੀ ਅਨੁਸਾਰ, ਚੌਧਰੀ ਇੱਕ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਭਤੀਜੇ ਨਾਲ ਕਾਰ ਰਾਹੀਂ ਵਾਪਸ ਪਰਤ ਰਹੇ ਸਨ। ਉਦੈਪੁਰ ਦੇ ਨੇੜੇ ਜੂਨਥਾ ਪਿੰਡ ਕੋਲ ਇਹ ਦਰਦਨਾਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਅਚਾਨਕ ਆਏ ਪਸ਼ੂਆਂ ਦੇ ਝੁੰਡ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਖੋਹ ਦਿੱਤਾ, ਜਿਸ ਕਾਰਨ ਕਾਰ ਸੜਕ ਕਿਨਾਰੇ ਬਣੀ ਇੱਕ ਕੰਧ ਨਾਲ ਜਾ ਟਕਰਾਈ। ਇਸ ਜ਼ਬਰਦਸਤ ਟੱਕਰ ਵਿੱਚ ਚੌਧਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਆਰ.ਬੀ. ਚੌਧਰੀ ਨੇ ਆਪਣੇ ਬੈਨਰ 'ਸੁਪਰ ਗੁੱਡ ਫਿਲਮਜ਼' ਹੇਠ ਕਈ ਸੁਪਰਹਿੱਟ ਅਤੇ ਐਵਾਰਡ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਨੇ ਦੱਖਣੀ ਭਾਰਤੀ ਸਿਨੇਮਾ ਵਿੱਚ ਕਈ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੇ ਕਰੀਅਰ ਨੂੰ ਸਿਖਰਾਂ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਦੱਖਣੀ ਭਾਰਤੀ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੁਪਰਸਟਾਰ ਰਜਨੀਕਾਂਤ, ਪਵਨ ਕਲਿਆਣ ਅਤੇ ਚਿਰੰਜੀਵੀ ਵਰਗੇ ਦਿੱਗਜਾਂ ਨੇ ਉਨ੍ਹਾਂ ਦੇ ਨਿਧਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੇਨਈ ਲਿਜਾਇਆ ਜਾਵੇਗਾ।


author

Inder Prajapati

Content Editor

Related News