ਅਕਾਲੀ ਦਲ 'ਚੋਂ ਛੁੱਟੀ ਦੀਆਂ ਖਬਰਾਂ ਤੋਂ ਬਾਅਦ ਜਾਣੋ ਕੀ ਬੋਲੇ ਮਨਜੀਤ ਸਿੰਘ ਜੀ. ਕੇ.

Saturday, May 25, 2019 - 06:04 PM (IST)

ਅਕਾਲੀ ਦਲ 'ਚੋਂ ਛੁੱਟੀ ਦੀਆਂ ਖਬਰਾਂ ਤੋਂ ਬਾਅਦ ਜਾਣੋ ਕੀ ਬੋਲੇ ਮਨਜੀਤ ਸਿੰਘ ਜੀ. ਕੇ.

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਸ਼੍ਰੋਮਣੀ ਅਕਾਲੀ ਦਲ 'ਚੋਂ ਛੁੱਟੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਵਲੋਂ ਇਸ ਬਾਰੇ ਮਤਾ ਪਾਸ ਕੀਤਾ ਗਿਆ ਹੈ। ਖਬਰਾਂ ਮੁਤਾਬਕ ਸ਼ੁੱਕਰਵਾਰ ਨੂੰ ਹੋਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਬੈਠਕ ਵਿਚ ਜੀ. ਕੇ. ਵਿਰੁੱਧ ਮਤਾ ਪਾਸ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਣ ਦਾ ਦਾਅਵਾ ਕੀਤਾ ਗਿਆ। ਇਸ ਸਬੰਧੀ ਮਨਜੀਤ ਸਿੰਘ ਜੀ. ਕੇ. ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜੀ. ਕੇ. ਨੇ ਦੱਸਿਆ ਕਿ ਉਹ ਤਾਂ 7 ਦਸੰਬਰ 2018 ਨੂੰ ਹੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਸੌਂਪ ਚੁੱਕੇ ਹਨ।  ਸਿਰਫ ਅਖਬਾਰੀ ਸੁਰਖੀਆਂ ਨੂੰ ਜਨਮ ਦੇਣ ਅਤੇ ਪੰਜਾਬ 'ਚ ਨੇਤਾਵਾਂ ਦੀ ਹੋਈ ਹਾਰ ਦੇ ਸਬੰਧ ਵਿਚ ਮੈਨੂੰ ਜਵਾਬ ਤਲਬ ਕਰਨ ਤੋਂ ਰੋਕਣ ਲਈ ਸਾਰੀ ਕਹਾਣੀ ਲਿਖੀ ਜਾ ਰਹੀ ਹੈ। ਹਾਲਾਂਕਿ ਇਕ ਪਾਸੇ ਪਾਰਟੀ ਦੀ ਦਿੱਲੀ ਇਕਾਈ ਭੰਗ ਹੈ ਅਤੇ ਦੂਜੇ ਪਾਸ ਕੋਰ ਕਮੇਟੀ ਫੈਸਲੇ ਲੈਣ ਦੀ ਜਲਦਬਾਜ਼ੀ ਵਿਚ ਮਸ਼ਗੂਲ ਹੈ। ਦੱਸਣਯੋਗ ਹੈ ਕਿ ਜੀ. ਕੇ. 'ਤੇ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ।

ਜੀ. ਕੇ. ਨੇ ਕਿਹਾ ਕਿ ਪੰਥਕ ਮਸਲਿਆਂ 'ਤੇ ਕੌਮ ਦੇ ਸਵਾਲਾਂ ਦਾ ਜਵਾਬ ਦੇਣ 'ਚ ਅਸਮਰਥ ਰਹੀ ਪਾਰਟੀ ਹਾਈਕਮਾਨ ਵੋਟਿੰਗ ਤੋਂ ਪਹਿਲਾਂ ਕਾਂਗਰਸੀ ਆਗੂ ਸੈਮ ਪਿਤ੍ਰੋਦਾ ਦੇ 1984 ਦੇ ਸਿੱਖ ਦੰਗਿਆਂ ਨੂੰ ਲੈ ਕੇ ਦਿੱਤੇ ਬਿਆਨ 'ਹੋਇਆ ਤਾਂ ਹੋਇਆ' ਦਾ ਸਿਆਸੀ ਫਾਇਦਾ ਚੁੱਕਣ ਵਿਚ ਵੀ ਸਫਲ ਨਹੀਂ ਹੋਈ। ਜੀ. ਕੇ. ਨੇ ਅੱਜ ਕੌਮ ਦੇ ਨਾਂ ਖੁੱਲ੍ਹੀ ਚਿੱਠੀ ਲਿਖ ਕੇ ਅਕਾਲੀ ਦਲ ਦੀ ਲੱਗੀ ਸਿਆਸੀ ਢਾਹ 'ਤੇ ਸਿੱਖ ਬੁੱਧੀਜੀਵੀਆਂ ਨੂੰ ਮੰਥਨ ਕਰਨ ਦੀ ਵੀ ਅਪੀਲ ਕੀਤੀ ਹੈ। ਜੀ. ਕੇ. ਨੇ ਇਕ ਸਵਾਲ ਕੀਤਾ ਕਿ ਜਿਨ੍ਹਾਂ ਨੂੰ ਪੰਥ ਨੇ ਆਪਣੇ ਦਿਲ ਅਤੇ ਦਿਮਾਗ 'ਚੋਂ ਕੱਢ ਦਿੱਤਾ ਹੈ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ? ਦੱਸਣਯੋਗ ਹੈ ਕਿ 19 ਮਈ ਨੂੰ ਪਈਆਂ ਵੋਟਾਂ ਵਿਚ ਅਕਾਲੀ ਦਲ ਦੇ 10 'ਚੋਂ 8 ਉਮੀਦਵਾਰ ਮੋਦੀ ਲਹਿਰ ਦੇ ਬਾਵਜੂਦ ਬੁਰੀ ਤਰ੍ਹਾਂ ਹਾਰੇ ਗਏ, ਜਦੋਂ ਕਿ 2 ਉਮੀਦਵਾਰ ਤੀਜੇ ਨੰਬਰ 'ਤੇ ਰਹੇ ਹਨ। ਖਡੂਰ ਸਾਹਿਬ ਵਰਗੀ ਸੀਟ ਜਿੱਥੋਂ ਅਕਾਲੀ ਦਲ ਕਦੇ ਨਹੀਂ ਹਾਰਿਆ ਸੀ, ਉਹ ਸੀਟ ਵੀ ਪਹਿਲੀ ਵਾਰ ਹਾਰ ਗਿਆ।


author

Tanu

Content Editor

Related News