ਮਨਜਿੰਦਰ ਸਿੰਘ ਸਿਰਸਾ 'ਤੇ ਦਿੱਲੀ ਪੁਲਸ ਨੇ ਦਰਜ ਕੀਤੀ FIR

1/22/2021 11:23:42 AM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਸਿਰਸਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।  ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ਬਰਾਂ ਅਨੁਸਾਰ ਦਿੱਲੀ ਦੀ ਇਕ ਕੋਰਟ ਨੇ ਪਿਛਲੇ ਸਾਲ ਨਵੰਬਰ 'ਚ ਈ.ਓ.ਡਬਲਿਊ. ਨੂੰ ਸਿਰਸਾ ਵਿਰੁੱਧ ਡੀ.ਐੱਸ.ਜੀ.ਐੱਮ.ਸੀ. 'ਚ ਜਨਰਲ ਸਕੱਤਰ ਅਹੁਦੇ 'ਤੇ ਰਹਿੰਦੇ ਹੋਏ ਫੰਡ ਦੀ ਹੇਰਾਫੇਰੀ ਕਰਨ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। 

ਪੁਲਸ ਨੇ ਦੱਸਿਆ ਕਿ ਸਿਰਸਾ ਅਤੇ ਹੋਰ ਲੋਕਾਂ ਵਿਰੁੱਧ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ 'ਤੇ ਧੋਖਾਧੜੀ ਕਰਨ ਅਤੇ ਗੁਰਦੁਆਰੇ ਦੇ ਫੰਡ ਤੋਂ ਟੈਂਟ, ਕੰਬਲ ਅਤੇ ਤ੍ਰਿਪਾਲ ਖਰੀਦਣ ਦੇ ਨਾਂ 'ਤੇ ਇਕ ਕਰੋੜ ਰੁਪਏ ਦਾ ਬੇਹਿਸਾਬ ਭੁਗਤਾਨ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਡੀ.ਐੱਸ.ਜੀ.ਐੱਮ.ਸੀ. ਨੂੰ ਮਿਲਣ ਵਾਲੇ ਫੰਡ 'ਚ ਇਕ ਪੱਖਕਾਰ ਭੁਪਿੰਦਰ ਸਿੰਘ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਪੂਰੇ ਮਾਮਲੇ 'ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਇਹ ਵੀ ਪੜ੍ਹੋ : ਦੇਰ ਰਾਤ ਮਨਜਿੰਦਰ ਸਿੰਘ ਸਿਰਸਾ ਨੂੰ ਯੂ. ਪੀ. ਪੁਲਸ ਨੇ ਕੀਤਾ ਗ੍ਰਿਫਤਾਰ

ਦੱਸਣਯੋਗ ਹੈ ਕਿ ਦੇਰ ਰਾਤ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ 'ਚ ਯੂ.ਪੀ. ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਕੀਤੀ ਜਾ ਰਹੀ ਹੈ, ਇਸ ਦੀ ਜਾਣਕਾਰੀ ਪੁਲਸ ਵਲੋਂ ਉਨ੍ਹਾਂ ਨੂੰ ਵੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਉੱਤਰ ਪ੍ਰਦੇਸ਼ ਪੁਲਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha