ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਬਾਰੇ ਗ਼ਲਤ ਬਿਆਨਬਾਜ਼ੀ ਸਿਰਸਾ ਦੀ ਨਿਲਾਇਕੀ: ਸਰਨਾ

07/29/2020 6:54:56 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਲਾਈਵ ਟੈਲੀਵਿਜ਼ਨ 'ਤੇ ਫਿਰ ਤੋਂ ਸਿੱਖੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਸਿਰਸਾ ਨੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ। ਇਸ ਬਾਰੇ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਖਬਰਾਂ 'ਚ ਬਣੇ ਰਹਿਣ ਦੀ ਇੱਛਾ ਦਾ ਕੀੜਾ ਸਿਰਸਾ ਜੀ ਨੂੰ ਹਮੇਸ਼ਾ ਹੀ ਕੱਟਦਾ ਰਹਿੰਦਾ ਹੈ। ਇਸ ਵਾਰ ਉਨ੍ਹਾਂ ਨੇ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਹੀ ਰਾਸ਼ਟਰੀ ਟੈਲੀਵਿਜ਼ਨ 'ਤੇ ਆਪਸ 'ਚ ਬਦਲ ਦਿੱਤਾ। ਉਨ੍ਹਾਂ ਨੇ ਸਮਾਚਾਰ ਚੈਨਲ 'ਤੇ ਭਾਈ ਤਾਰੂ ਸਿੰਘ ਜੀ ਬਾਰੇ ਕਿਹਾ ਕਿ ਉਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਸਿਰਸਾ ਨੂੰ ਇੰਨਾ ਵੀ ਗਿਆਨ ਨਹੀਂ ਹੈ ਕਿ ਜੱਲਾਦਾਂ ਨੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਰੰਬੀਆਂ ਨਾਲ ਉਤਾਰੀ ਸੀ। ਸਿਰਸਾ ਲਈ ਸਿੱਖ ਇਤਿਹਾਸ ਅਤੇ ਸ਼ਹਾਦਤਾਂ ਸਿਰਫ਼ ਇਕ ਕਥਾ ਕਹਾਣੀਆਂ ਹੀ ਹਨ।

ਦਿੱਲੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿਰਸਾ ਸ਼ਹੀਦਾਂ ਦੀ ਸ਼ਹਾਦਤ ਨੂੰ ਤੋੜ-ਮਰੋੜ ਕੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਸਰਨਾ ਨੇ ਕਿਹਾ ਕਿ ਸਿਰਸਾ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਦਹੀਂ ਨਾਲ ਇਸ਼ਨਾਨ ਕਰਨ ਦੀ ਮਨਗੜ੍ਹਤ ਕਥਾ ਸੁਣਾਉਣ। ਸਿਰਸਾ ਨੂੰ ਇਸ ਦਾ ਵੀ ਕੋਈ ਪਛਤਾਵਾ ਨਹੀਂ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ 'ਹੋਮ ਕੁਆਰੰਟੀਨ' 'ਚ ਭੇਜਣ ਦੀ ਫਾਲਤੂ ਗੱਲ ਕਰਨ, ਉਨ੍ਹਾਂ ਲਈ ਇਹ ਗੱਲ ਵੀ ਕੋਈ ਮਾਇਨੇ ਨਹੀਂ ਰੱਖਦੀ ਕਿ ਉਹ ਆਪਣੇ ਸਮਾਚਾਰ ਪੱਤਰ ਕਾਲਮ 'ਚ ਬਾਬਾ ਬਕਾਲਾ ਅਤੇ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਨੂੰ ਹੀ ਸਿੱਖ ਇਤਿਹਾਸ ਤੋਂ ਗਾਇਬ ਕਰ ਦੇਣ ਅਤੇ ਗੁਰਬਾਣੀ ਸ਼ਲੋਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਦੇਣ? ਸਿਰਸਾ ਨੂੰ ਕੋਈ ਪਰਵਾਹ ਨਹੀਂ ਕਿ ਉਹ ਗੁਰੂ ਦੇ ਲੰਗਰ ਦੀ ਉਦਯੋਗਪਤੀਆਂ ਵਲੋਂ ਬੋਲੀ ਲਗਵਾਏ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ 'ਤੇ ਸਿੱਖ ਇਤਿਹਾਸ, ਧਰਮ ਅਤੇ ਗੁਰਬਾਣੀ 'ਤੇ ਬੋਲਣ ਦੀ ਰੋਕ ਦੀ ਵੀ ਉਲੰਘਣ ਕਰਨ ਦੀ ਵੀ ਕੋਈ ਪਰਵਾਹ ਨਹੀਂ!

ਸਰਦਾਰ ਸਰਨਾ ਨੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਇਸ ਅਗਿਆਨਤਾ 'ਤੇ ਸਿਰਸਾ 'ਤੇ ਕੋਈ ਫੈਸਲਾਕੁੰਨ ਕਾਰਵਾਈ ਕੀਤੇ ਜਾਣ ਦੀ ਆਸ ਜਤਾਈ ਹੈ, ਜਿਸ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਇਕ ਵਾਰ ਫਿਰ ਤੋਂ ਜਨਤਕ ਤੌਰ 'ਤੇ ਸਿੱਖੀ ਅਤੇ ਸਿੱਖ ਇਤਿਹਾਸ 'ਤੇ ਨਫ਼ਰਤ ਫੈਲਾਉਣ ਵਾਲੀ ਬਿਆਨਬਾਜ਼ੀ ਕੀਤੀ ਹੈ।


DIsha

Content Editor

Related News