ਅਕਾਲੀ ਦਲ ''ਚੋਂ ਛੁੱਟੀ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਤੋੜੀ ਚੁੱਪੀ

05/28/2019 10:52:28 AM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ 'ਚੋਂ ਮਨਜੀਤ ਸਿੰਘ ਜੀਕੇ ਦੀ ਛੁੱਟੀ ਕਰ ਦਿੱਤੀ ਗਈ ਹੈ। ਜੀਕੇ ਨੂੰ ਪਾਰਟੀ ਹਾਈ ਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਅਕਾਲੀ ਦਲ 'ਚੋਂ ਬਾਹਰ ਦਾ ਰਾਹ ਦਿਖਾ ਦਿੱਤਾ। ਖੁਦ ਨੂੰ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਜੀਕੇ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਪਾਰਟੀ 'ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਕਮੇਟੀ ਦਾ ਪੈਸਾ ਪੰਜਾਬ ਦੀਆਂ ਚੋਣਾਂ 'ਤੇ ਖਰਚ ਹੋਇਆ ਸੀ। ਬਸ ਇੰਨਾ ਹੀ ਨਹੀਂ, ਅਕਾਲੀ ਦਲ ਨੇ ਇਕ ਸਾਜਿਸ਼ ਤਹਿਤ ਉਨ੍ਹਾਂ ਨੂੰ ਹਟਾਉਣ ਲਈ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਹੈ। ਇੱਥੇ ਦੱਸ ਦੇਈਏ ਕਿ ਜੀਕੇ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਦਿੱਲੀ ਅਕਾਲੀ ਦਲ ਪ੍ਰਧਾਨ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਸੀ।

ਜੀਕੇ ਨੇ ਅੱਗੇ ਕਿਹਾ ਕਿ ਉਹ ਤਾਂ ਪਿਛਲੇ ਸਾਲ ਦਸੰਬਰ ਵਿਚ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ ਤਾਂ ਹੁਣ ਉਨ੍ਹਾਂ ਨੂੰ ਕੋਰ ਕਮੇਟੀ ਕਿਵੇਂ ਕੱਢ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਕਮੇਟੀ ਦੇ ਮੈਂਬਰ ਉਨ੍ਹਾਂ ਵਿਰੁੱਧ ਮੁਕੱਦਮਾ ਕਰਨ ਵਾਲੇ ਗੁਰਮੀਤ ਸਿੰਘ ਸ਼ੰਟੀ ਦਾ ਸਾਥ ਦੇ ਰਹੇ ਹਨ, ਜਦਕਿ ਉਹ ਕਰੋੜਾਂ ਰੁਪਏ ਦੇ ਸਬਜ਼ੀ ਘਪਲੇ ਵਿਚ ਸ਼ਾਮਲ ਹਨ। ਕਮੇਟੀ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਕਿ ਘਪਲੇ ਨੂੰ ਦਬਾਅ ਦਿੱਤਾ। ਜੀਕੇ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਸਾਰੇ ਘਪਲਿਆਂ ਦਾ ਪਤਾ ਹੈ।

ਦੱਸਣਯੋਗ ਹੈ ਕਿ ਕੱਲ ਭਾਵ ਸੋਮਵਾਰ ਨੂੰ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜੀਕੇ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਹੋਈ ਇਸ ਮੀਟਿੰਗ 'ਚ ਕਮੇਟੀ ਵਲੋਂ ਮਤਾ ਪਾਸ ਕਰਨ ਦੇ ਨਾਲ ਹੀ ਜੀਕੇ ਦੀ ਛੁੱਟੀ ਕਰ ਦਿੱਤੀ ਗਈ।


Tanu

Content Editor

Related News