ਕੋਰੋਨਾ ਆਫ਼ਤ ''ਤੇ ਚਰਚਾ ਲਈ ਮਨੀਸ਼ ਤਿਵਾੜੀ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਕੀਤੀ ਮੰਗ
Monday, Apr 19, 2021 - 01:03 PM (IST)
ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਦੇਸ਼ 'ਚ ਕੋਰੋਨਾ ਲਾਗ਼ ਤੋਂ ਪੈਦਾ ਹੋਏ ਹਾਲਾਤ 'ਤੇ ਚਰਚਾ ਲਈ ਸੰਸਦ ਦਾ 2 ਦਿਨਾਂ ਐਮਰਜੈਂਸੀ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ,''ਹਸਪਤਾਲਾਂ 'ਚ ਬੈੱਡ ਨਹੀਂ ਹਨ, ਆਕਸੀਜਨ ਨਹੀਂ ਹੈ ਅਤੇ ਨਾ ਹੀ ਠੀਕ ਤਰੀਕੇ ਨਾਲ ਟੀਕਾਕਰਨ ਹੋ ਰਿਹਾ ਹੈ। ਅੱਜ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਸ਼ਮਸ਼ਾਨ ਅਤੇ ਕਬਰਸਤਾਨ ਵੀ ਭਰ ਚੁਕੇ ਹਨ।''
Call a Two day Emergency Session of Parliament Now . Situation in Nation is turning Grave . pic.twitter.com/amRpSg7ixG
— Manish Tewari (@ManishTewari) April 19, 2021
ਇਹ ਵੀ ਪੜ੍ਹੋ : ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ
ਤਿਵਾੜੀ ਨੇ ਅਪੀਲ ਕੀਤੀ,''ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕਰਦਾ ਹਾਂ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤੁਰੰਤ ਸੰਸਦ ਦਾ 2 ਦਿਨਾਂ ਐਮਰਜੈਂਸੀ ਸੈਸ਼ਨ ਬੁਲਾਓ ਤਾਂ ਕਿ ਸਾਰੀ ਸਥਿਤੀ ਨੂੰ ਨੋਟਿਸ 'ਚ ਲਿਆ ਜਾ ਸਕੇ ਅਤੇ ਇਕ ਵਿਆਪਕ ਰਣਨੀਤੀ ਤਿਆਰ ਕੀਤੀ ਜਾ ਸਕੇ।'' ਕਾਂਗਰਸ ਨੇਤਾ ਨੇ ਕਿਹਾ,''ਇਹ ਕਦਮ ਚੁੱਕਣ ਦੀ ਜ਼ਰੂਰਤ ਹੈ, ਕਿਉਂਕਿ ਕਿਤੇ ਹਾਲਾਤ ਅਜਿਹੇ ਨਾ ਬਣ ਜਾਣ ਕਿ ਸਭ ਕੁਝ ਪੂਰੀ ਤਰ੍ਹਾਂ ਨਾਲ ਕੰਟਰੋਲ ਤੋਂ ਬਾਹਰ ਨਿਕਲ ਜਾਣ।'' ਦੱਸਣਯੋਗ ਹੈ ਕਿ ਦੇਸ਼ 'ਚ ਸੋਮਵਾਰ ਨੂੰ ਇਕ ਦਿਨ 'ਚ ਕੋਰੋਨਾ ਵਾਇਰਸ ਦੇ 2,73,810 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 1,50,61,919 ਹੋ ਗਈ। ਇਸ ਦੇ ਨਾਲ ਹੀ 1,619 ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,78,769 ਹੋਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ