ਮਨੀਸ਼ ਸਿਸੋਦੀਆ ਨੇ ਹੁਣ CM ਚੰਨੀ ਨੂੰ ਦਿੱਤੀ ਚੁਣੌਤੀ, ਸ਼ਾਮ ਤੱਕ ਜਾਰੀ ਕਰੋ 250 ਸਕੂਲਾਂ ਦੀ ਸੂਚੀ
Monday, Nov 29, 2021 - 03:41 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਚੁਣੌਤੀ ਸਵੀਕਾਰ ਕਰਦੇ ਹੋਏ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਲਿਸਟ ਜਾਰੀ ਕੀਤੀ ਹੈ ਅਤੇ ਖੁੱਲ੍ਹਾ ਸੱਦਾ ਦਿੱਤਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਆ ਕੇ ਦਿੱਲੀ ਦੇ ਇਨ੍ਹਾਂ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਅਤੇ ਦੇਖਣ ਕਿ ਪਿਛਲੇ 5 ਸਾਲਾਂ ’ਚ ਦਿੱਲੀ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਕੀ ਤਬਦੀਲੀ ਕੀਤੀ ਹੈ। ਸਿਸੋਦੀਆ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ,‘‘ਮੈਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਅਪੀਲ ’ਤੇ ਕੱਲ ਯਾਨੀ ਐਤਵਾਰ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਲਿਸਟ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਵੀ 250 ਸਕੂਲਾਂ ਦੀ ਲਿਸਟ ਜਾਰੀ ਕਰਨ ਦੀ ਅਪੀਲ ਕੀਤੀ ਸੀ ਪਰ 24 ਘੰਟੇ ਬੀਤਣ ਤੋਂ ਬਾਅਦ ਵੀ ਉਨ੍ਹਾਂ ਦਾ ਜਵਾਬ ਨਹੀਂ ਆਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਉਹ ਮੈਦਾਨ ਛੱਡ ਕੇ ਦੌੜ ਰਹੇ ਹਨ।’’
ਇਸ ਦੇ ਨਾਲ ਹੀ ਇਕ ਹੋਰ ਟਵੀਟ ’ਚ ਸਿਸੋਦੀਆ ਨੇ ਕਿਹਾ,‘‘ਹੁਣ ਮੈਂ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਾਂਗਾ ਕਿ ਤੁਸੀਂ ਸ਼ਾਮ ਤੱਕ 250 ਸਕੂਲਾਂ ਦੀ ਲਿਸਟ ਜਾਰੀ ਕਰੋ। ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਆਖ਼ਰ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ’ਚ ਪੰਜਾਬ ਦੇ ਸਿੱਖਿਆ ਲਈ ਕੀਤਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਚੰਨੀ ਸਾਹਿਬ ਮੈਦਾਨ ਛੱਡ ਕੇ ਨਹੀਂ ਦੌੜਨਗੇ।’’ ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਲਿਸਟ ਜਾਰੀ ਕਰਨ ਲਈ ਕਿਹਾ ਤਾਂ ਕਿ ਪੰਜਾਬ ਦੇ ਸਿੱਖਿਆ ਮਾਡਲ ਨੂੰ ਵੀ ਦੇਖਿਆ ਜਾ ਸਕੇ ਅਤੇ ਫਿਰ ਦੋਵੇਂ ਸਿੱਖਿਆ ਮਾਡਲ ’ਤੇ ਬਹਿਸ ਹੋਵੇ ਤਾਂ ਕਿ ਪੰਜਾਬ ਦੀ ਜਨਤਾ ਸਮਝ ਸਕੇ ਕਿ ਕਿਸੇ ਰਾਜ ਦਾ ਸਿੱਖਿਆ ਮਾਡਲ ਜ਼ਿਆਦਾ ਬਿਹਤਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ