ਮਣੀਪੁਰ ’ਚ ਮੁੜ ਭੜਕੀ ਹਿੰਸਾ, ਸੁਰੱਖਿਆ ਫੋਰਸਾਂ ’ਤੇ ਹਮਲਾ, ਪੁਲਸ ਚੌਕੀ ’ਤੇ ਸੁੱਟੇ ਬੰਬ
Wednesday, Jan 17, 2024 - 07:41 PM (IST)
ਇੰਫਾਲ, (ਭਾਸ਼ਾ)- ਅੱਤਵਾਦੀਆਂ ਨੇ ਬੁੱਧਵਾਰ ਸਵੇਰੇ ਮਣੀਪੁਰ ਦੇ ਮੋਰੇਹ ਇਲਾਕੇ ’ਚ ਸੁਰੱਖਿਆ ਫੋਰਸਾਂ ਦੀਆਂ ਮੋਟਰ-ਗੱਡੀਆਂ ’ਤੇ ਹਮਲਾ ਕਰ ਦਿੱਤਾ। ਹਨਲੇ ’ਚ ਭਾਰਤੀ ਰਿਜ਼ਰਵ ਬਟਾਲੀਅਨ ਦੇ ਜਵਾਨ ਵਾਂਗਖੇਮ ਸੋਮਰਜੀਤ ਦੀ ਮੌਤ ਹੋ ਗਈ। ਇਕ ਹੋਰ ਜਵਾਨ ਜ਼ਖਮੀ ਹੋ ਗਿਆ। ਹਮਲਾਵਰ ਕੁਕੀ ਭਾਈਚਾਰੇ ਨਾਲ ਸਬੰਧਤ ਦੱਸੇ ਜਾਂਦੇ ਹਨ।
ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਮੋਰੇਹ ’ਚ ਤਿੰਨ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੀ ਚੌਕੀ ’ਤੇ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ। ਇਸ ਕਾਰਨ ਨੇੜੇ ਖੜੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਟੇਂਗਨੋਪਾਲ ਜ਼ਿਲੇ ’ਚ ਕਰਫਿਊ ਲਾ ਦਿੱਤਾ ਗਿਆ ਹੈ।
ਮੋਰੇਹ ’ਚ ਲਗਾਤਾਰ ਹਿੰਸਾ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਕੇਂਦਰ ਤੋਂ ਮਦਦ ਮੰਗੀ ਹੈ। ਗ੍ਰਹਿ ਸਕੱਤਰ ਰਣਜੀਤ ਸਿੰਘ ਨੇ ਗ੍ਰਹਿ ਮੰਤਰਾਲਾ ਦੇ ਵਧੀਕ ਸਕੱਤਰ ਨੂੰ ਕਿਹਾ ਹੈ ਕਿ ਇੱਥੇ ਹਾਲਾਤ ਵਿਗੜ ਰਹੇ ਹਨ। ਮੈਡੀਕਲ ਐਮਰਜੈਂਸੀ ਕਿਸੇ ਵੀ ਸਮੇਂ ਪੈਦਾ ਹੋ ਸਕਦੀ ਹੈ। ਇਸ ਲਈ ਹੈਲੀਕਾਪਟਰ ਦਿੱਤੇ ਜਾਣੇ ਚਾਹੀਦੇ ਹਨ।