ਇੰਦਰਾ ਗਾਂਧੀ ਦੇ ਕਾਤਲਾਂ ਦਾ ਗੁਣਗਾਨ ਕਰਨ ਵਾਲੇ ਖ਼ਾਲਿਸਤਾਨੀਆਂ ’ਤੇ ਸਖ਼ਤ ਕਾਰਵਾਈ ਕਰੇ ਕੈਨੇਡਾ ਸਰਕਾਰ : ਬਿੱਟਾ
Monday, Jun 12, 2023 - 11:55 PM (IST)
ਨੈਸ਼ਨਲ ਡੈਸਕ: ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਹਾਲ ਹੀ ’ਚ ਬ੍ਰੈਂਪਟਨ ’ਚ ਖ਼ਾਲਿਸਤਾਨੀਆਂ ਵੱਲੋਂ ਕੱਢੀ ਗਈ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ ਹੱਤਿਆ ਦਾ ਗੁਣਗਾਨ ਕਰਨ ਵਾਲੀ ਝਾਂਕੀ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਿੱਟਾ ਨੇ ਕਿਹਾ ਕਿ ਸਿੱਖ ਕੌਮ ਦਾ ਅਕਸ ਪੂਰੀ ਦੁਨੀਆਂ ’ਚ ਮਨੁੱਖਤਾ ਦੇ ਰੱਖਿਅਕ ਵਜੋਂ ਹੈ ਪਰ ਮੁੱਠੀ ਭਰ ਖ਼ਾਲਿਸਤਾਨੀ ਸਮਰਥਕ ਸਿੱਖਾਂ ਦਾ ਅਕਸ ਇਕ ਹਿੰਸਕ ਭਾਈਚਾਰੇ ਵਜੋਂ ਸਥਾਪਿਤ ਕਰ ਰਹੇ ਹਨ। ਬਿੱਟਾ ਨੇ ਇਸ ਦੇ ਨਾਲ ਹੀ ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋਏ ਹਮਲਿਆਂ, ਪਾਕਿਸਤਾਨ ’ਚ ਹੋਈ ਪਰਮਜੀਤ ਪੰਜਵੜ ਦੀ ਹੱਤਿਆ ਅਤੇ ਵਿਦੇਸ਼ਾਂ ’ਚ ਭਾਰਤੀ ਦੂਤਘਰਾਂ ਦੇ ਬਾਹਰ ਹੋ ਰਹੇ ਖ਼ਾਲਿਸਤਾਨੀਆਂ ਦੇ ਪ੍ਰਦਰਸ਼ਨਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਪੇਸ਼ ਹੈ ਪੂਰੀ ਗੱਲਬਾਤ :
ਬ੍ਰੈਂਪਟਨ ’ਚ ਖਾਲਿਸਤਾਨੀਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ ਹੱਤਿਆ ਦਾ ਗੁਣਗਾਨ ਕਰਨ ਵਾਲੀ ਝਾਂਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਦੋਂ ਦੁਨੀਆ ਭਰ ’ਚ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਦਾ ਅਕਸ ਹਮੇਸ਼ਾ ਹੀ ਮਨੁੱਖਤਾ ਦੇ ਰਾਖੇ ਅਤੇ ਮੁਸੀਬਤ ਦੀ ਘੜੀ ’ਚ ਕਿਸੇ ਵੀ ਵਰਗ ਦੀ ਮਦਦ ਲਈ ਤਿਆਰ ਖੜ੍ਹਨ ਵਾਲੇ ਭਾਈਚਾਰੇ ਵਜੋਂ ਜਾਣਿਆ ਜਾਂਦਾ ਹੈ ਪਰ ਕੈਨੇਡਾ ’ਚ ਖਾਲਿਸਤਾਨੀਆਂ ਦੀ ਇਸ ਹਰਕੱਤ ਨੇ ਕੌਮ ਨੂੰ ਸ਼ਰਮਿੰਦਾ ਕੀਤਾ ਹੈ। ਖਾਲਿਸਤਾਨੀਆਂ ਨੂੰ 1984 ’ਚ ਹੋਏ ਦੰਗਿਆਂ ਦੀ ਨਾਰਾਜ਼ਗੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇੰਦਰਾ ਗਾਂਧੀ ਦੀ ਹੱਤਿਆ ਨਾ ਹੋ ਈ ਹੁੰਦੀ ਤਾਂ ਕੀ ਇਹ ਦੰਗੇ ਹੁੰਦੇ? ਜਿਨ੍ਹਾਂ ਨੇ ਹੱਤਿਆ ਕਰਨੀ ਸੀ, ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਅਤੇ ਇਸ ਹੱਤਿਆ ਦੀ ਸਿਆਸੀ ਵਰਤੋਂ ਕਰ ਕੇ ਉਸ ਸਮੇਂ ਦੀ ਸਰਕਾਰ ਨੇ ਦੇਸ਼ ਦੀਆਂ ਚੋਣਾਂ ਜਿੱਤ ਲਈਆਂ ਪਰ ਇਸ ਤੋਂ ਸਿੱਖਾਂ ਨੂੰ ਕੀ ਹਾਸਲ ਹੋਇਆ? ਉਸ ਦੌਰ ’ਚ ਪੂਰੇ ਦੇਸ਼ ’ਚ ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਪਰ ਅੱਜ ਖਾਲਿਸਤਾਨੀ ਉਸ ਨੁਕਸਾਨ ਦੀ ਗੱਲ ਨਹੀਂ ਕਰਦੇ। ਇਨ੍ਹਾਂ ਨੂੰ ਸਿਰਫ ਆਪਣੀ ਝੂਠੀ ਚੌਧਰ ਦੀ ਚਿੰਤਾ ਹੈ ਅਤੇ ਇਹ ਆਪਣੀ ਇਸ ਚੌਧਰ ਦੀ ਖਾਤਿਰ ਸਾਰੀ ਕੌਮ ਦਾ ਨਾਮ ਬਦਨਾਮ ਕਰ ਰਹੇ ਹਨ। ਜੇਕਰ ਉਸ ਸਮੇਂ ਦਰਬਾਰ ਸਾਹਿਬ ਨੂੰ ਢਾਲ ਬਣਾ ਕੇ ਅੱਤਵਾਦੀ ਅੰਦਰ ਹਥਿਆਰ ਲੈ ਕੇ ਨਾ ਜਾਂਦੇ ਤਾਂ ਕੀ ਆਪ੍ਰੇਸ਼ਨ ਬਲੂਸਟਾਰ ਹੋ ਜਾਂਦਾ? ਉਸ ਸਮੇਂ ਵੀ ਭਾਈ ਗੁਰਦਾਸ ਅਤੇ ਮੀਆਂ ਮੀਰ ਵੱਲੋਂ ਬਣਾਏ ਦਰਬਾਰ ਸਾਹਿਬ ਨੂੰ ਹਥਿਆਰਾਂ ਨਾਲ ਅਪਵਿੱਤਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਸੰਕਟ ਦੇ ਸਮੇਂ ਭਾਰਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ : ਜੈਸ਼ੰਕਰ
ਜਦੋਂ ਫ਼ੌਜ ਉੱਥੇ ਪਹੁੰਚੀ ਤਾਂ ਉਸ ਸਮੇਂ ਵੀ ਅੰਦਰ ਬੈਠੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਨੇ ਫੌਜ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜੇਕਰ ਉਹ ਸੱਚੇ ਸਿੱਖ ਹੁੰਦੇ ਤਾਂ ਬਾਹਰ ਆ ਕੇ ਸੀਨੇ ’ਤੇ ਗੋਲੀ ਖਾਂਦੇ ਪਰ ਨਾ ਤਾਂ ਉਹ ਖਾਲਿਸਤਾਨ ਹਾਸਲ ਕਰ ਸਕੇ ਅਤੇ ਨਾ ਹੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ।
ਬ੍ਰੈਂਪਟਨ ’ਚ ਹੋਈ ਪਰੇਡ ’ਤੇ ਭਾਰਤ ਦੀ ਪ੍ਰਤੀਕਿਰਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਨਹੀਂ ਹਾਂ ਪਰ ਅੱਜ ਭਾਰਤ ਦੀ ਵਿਦੇਸ਼ ਨੀਤੀ ਅਤੇ ਭਾਰਤ ਦੀ ਰੱਖਿਆ ਨੀਤੀ ਕਾਰਨ ਦੁਨੀਆ ਭਰ ’ਚ ਭਾਰਤ ਦਾ ਅਕਸ ਮਜ਼ਬੂਤ ਹੋਇਆ ਹੈ ਅਤੇ ਭਾਰਤ ਅੱਜ ਕੈਨੇਡਾ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦਾ ਹੈ। ਭਾਰਤ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਚਿਤਾਵਨੀ ਦਾ ਜ਼ਰੂਰ ਅਸਰ ਹੋਵੇਗਾ ਅਤੇ ਕੈਨੇਡਾ ਖਾਲਿਸਤਾਨੀਆਂ ਖਿਲਾਫ ਕਾਰਵਾਈ ਕਰਨ ’ਤੇ ਮਜਬੂਰ ਹੋਵੇਗਾ।
ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਕੀ ਉੱਥੇ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ’ਤੇ ਕੋਈ ਰੋਕ ਲੱਗੇਗੀ?
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਬੌਸ ਕਹਿ ਕੇ ਸੰਬੋਧਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਮਹੀਨਿਆਂ ’ਚ ਖਾਲਿਸਤਾਨੀਆਂ ਵੱਲੋਂ ਮੰਦਰਾਂ ’ਤੇ ਕੀਤੇ ਗਏ ਹਮਲਿਆਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦਾ ਨਿਸ਼ਚਤ ਤੌਰ ’ਤੇ ਆਸਟ੍ਰੇਲੀਆ ’ਚ ਖਾਲਿਸਤਾਨੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਜ਼ਰੂਰ ਅਸਰ ਪਵੇਗਾ ਅਤੇ ਉਥੋਂ ਦੀ ਸਰਕਾਰ ਭਾਰਤ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਵੈਸੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਦੇ ਇਕ ਹਫਤੇ ਦੇ ਅੰਦਰ ਹੀ ਆਸਟ੍ਰੇਲੀਆ ਨੇ ਭਾਰਤੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵਧਾ ਦਿੱਤੀ ਅਤੇ ਆਸਟ੍ਰੇਲੀਆ ’ਚ ਸਿੱਖ ਰੈਫਰੈਂਡਮ ਵੀ ਰੋਕ ਦਿੱਤਾ ਗਿਆ।
ਵਿਦੇਸ਼ਾਂ ਤੋਂ ਉੱਠ ਰਹੀਆਂ ਖ਼ਾਲਿਸਤਾਨ ਬਣਾਉਣ ਦੀਆਂ ਆਵਾਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਮੁੱਠੀ ਭਰ ਖਾਲਿਸਤਾਨੀ ਇਹ ਆਵਾਜ਼ ਬਾਹਰਲੇ ਮੁਲਕਾਂ ’ਚ ਹੀ ਉਠਾ ਸਕਦੇ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਭਾਰਤ ਆ ਕੇ ਇਸ ’ਤੇ ਬਹਿਸ ਕਰਨ। ਭਾਰਤ ’ਚ ਆ ਕੇ ਰੈਫਰੈਂਡਮ ਕਰਵਾਉਣ, ਉਨ੍ਹਾਂ ਨਾਲ 10,000 ਲੋਕ ਵੀ ਨਹੀਂ ਜੁੜਣਗੇ। ਕੀ ਇਹ ਮੌਜੂਦਾ ਪੰਜਾਬ ਨੂੰ ਖ਼ਾਲਿਸਤਾਨ ਬਣਾਉਣਾ ਚਾਹੁੰਦੇ ਹਨ, ਜਿਸ ਦੀ ਸਰਹੱਦ ਬਠਿੰਡਾ ਤੋਂ ਖਤਮ ਹੁੰਦੀ ਹੈ ਅਤੇ ਦੂਜੇ ਪਾਸੇ ਰਾਜਪੁਰਾ ’ਚ ਪੰਜਾਬ ਖਤਮ ਹੋ ਜਾਂਦਾ ਹੈ। ਕੀ ਉਹ ਦਿੱਲੀ ’ਚ ਗੁਰਦੁਆਰਾ ਰਕਾਬਗੰਜ ਜਾਂ ਸ਼ੀਸ਼ਗੰਜ ਸਾਹਿਬ ਜਾਂ ਬੰਗਲਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਾਂ ਉਹ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਲਈ ਵੀ ਵੀਜ਼ਾ ਚਾਹੁੰਦੇ ਹਨ। ਸਵੇਰੇ ਜਦੋਂ ਗੁਰਦੁਆਰਾ ਸਾਹਿਬ ’ਚ ਅਰਦਾਸ ਹੁੰਦੀ ਹੈ ਤਾਂ ਉਸ ’ਚ ਕਿਹਾ ਜਾਂਦਾ ਹੈ ਕਿ ਸੰਗਤ ਨੂੰ ਵਿਛੜੇ ਹੋਏ ਗੁਰੂਧਾਮ ਵਾਪਸ ਮਿਲਣ। ਇਨ੍ਹਾਂ ’ਚ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸ਼ਾਮਲ ਹਨ। ਕੀ ਖ਼ਾਲਿਸਤਾਨੀ ਹੁਣ ਸੰਗਤ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਵੀ ਵੱਖ ਕਰਨਾ ਚਾਹੁੰਦੇ ਹਨ?
ਇਹ ਖ਼ਬਰ ਵੀ ਪੜ੍ਹੋ - ਮੱਧ ਪ੍ਰਦੇਸ਼ ਸਰਕਾਰ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਹਵਾਈ ਫ਼ੌਜ ਨੂੰ ਜਾਰੀ ਹੋਏ ਨਿਰਦੇਸ਼
ਪਾਕਿਸਤਾਨ ’ਚ ਹੋਈ ਪਰਮਜੀਤ ਪੰਜਵੜ ਦੀ ਹੱਤਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਪਰਮਜੀਤ ਪੰਜਵੜ ਦੀ ਹੱਤਿਆ ਕਰਵਾਈ ਹੈ। ਪੰਜਵੜ ਫ਼ਿਰੋਜ਼ਪੁਰ ’ਚ 12 ਰਾਏ ਸਿੱਖਾਂ ਦੀ ਹੱਤਿਆ ਦਾ ਦੋਸ਼ੀ ਸੀ ਅਤੇ ਉਸ ਨੇ ਪੰਜਾਬ ’ਚ ਕਈ ਬੇਕਸੂਰ ਨੌਜਵਾਨਾਂ ਦੀ ਹੱਤਿਆ ਕੀਤੀ ਸੀ। ਪੰਜਵੜ ਵਰਗੇ ਹੋਰ ਕਈ ਖਾਲਿਸਤਾਨੀ ਅੱਤਵਾਦੀ ਵੀ ਪਾਕਿਸਤਾਨ ਦੀ ਸ਼ਰਨ ’ਚ ਹਨ ਅਤੇ ਉਹ ਭਾਰਤ ’ਚ ਨਾਰਕੋ ਅੱਤਵਾਦ ਫੈਲਾਉਣ ਦਾ ਕੰਮ ਕਰ ਰਹੇ ਹਨ ਪਰ ਖਾਲਿਸਤਾਨੀਆਂ ਨੂੰ ਪਾਕਿਸਤਾਨ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਦਾ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ’ਚ ਗ੍ਰੰਥੀ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ।
ਸੈਂਕੜੇ ਹਿੰਦੂ ਧਰਮ ਪਰਿਵਰਤਨ ਕਰ ਚੁੱਕੇ ਹਨ ਅਤੇ ਖਾਲਿਸਤਾਨੀ ਵੀ ਨਹੀਂ ਹਿਲਦੇ। ਇਨ੍ਹਾਂ ਦੇ ਪੱਥਰਬਾਜ਼ ਭਾਰਤ ’ਚ ਨਸ਼ਾ ਫੈਲਾਉਣ ਦਾ ਕੰਮ ਕਰਦੇ ਹਨ ਅਤੇ ਪੰਜਾਬ ਅਤੇ ਕੇਂਦਰ ਦੀਆਂ ਏਜੰਸੀਆਂ ਇਸ ਮਾਮਲੇ ’ਚ ਨਾਕਾਮ ਸਾਬਤ ਹੋ ਰਹੀਆਂ ਹਨ। ਭਾਰਤ ਦੇ ਕੁਝ ਯੂ-ਟਿਊਬ ਚੈਨਲ ਪੰਜਵੜ ਵਰਗੇ ਅੱਤਵਾਦੀਆਂ ਨੂੰ ਯੋਧਾ ਦੱਸਦੀਆਂ ਹਨ ਅਤੇ ਭਾਰਤ ’ਚ ਸਿੱਖਾਂ ਦਾ ਨਾਂ ਬਦਨਾਮ ਕਰਦੇ ਹਨ। ਨਿਰਦੋਸ਼ਾਂ ਨੂੰ ਮਾਰਨ ਵਾਲੇ ਯੋਧਾ ਕਿਵੇਂ ਹੋ ਸਕਦੇ ਹਨ? ਪਾਕਿਸਤਾਨ ਸਾਡਾ ਦੁਸ਼ਮਣ ਹੈ ਅਤੇ ਇਸ ਦਾ ਪੂਰਾ ਜ਼ੋਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਨ ’ਤੇ ਲੱਗਾ ਹੋਇਆ ਹੈ।
ਭਾਰਤ ’ਚ ਸਿੱਖਾਂ ਨੂੰ ਹਾਸਲ ਹੋਇਆ ਪੂਰਾ ਸਤਿਕਾਰ
ਬਿੱਟਾ ਨੇ ਕਿਹਾ ਕਿ ਭਾਰਤ ’ਚ ਸਿੱਖਾਂ ਦੀ ਆਬਾਦੀ 2 ਫੀਸਦੀ ਹੈ ਪਰ ਇਸ ਦੇਸ਼ ’ਚ ਮਨਮੋਹਨ ਸਿੰਘ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਰਹੇ ਹਨ। ਬੂਟਾ ਸਿੰਘ ਇਸ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ, ਜਦਕਿ ਗਿਆਨੀ ਜ਼ੈਲ ਸਿੰਘ ਨੂੰ ਦੇਸ਼ ਦਾ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਹੋਇਆ ਹੈ। ਅਰਜੁਨ ਸਿੰਘ ਅਤੇ ਜਗਜੀਤ ਸਿੰਘ ਅਰੋੜਾ ਦੇਸ਼ ਦੀਆਂ ਫੌਜਾਂ ’ਚ ਸਭ ਤੋਂ ਉੱਚੇ ਅਹੁਦਿਆਂ ’ਤੇ ਰਹੇ, ਜਦਕਿ ਜੋਗਿੰਦਰ ਸਿੰਘ ਸੀ. ਬੀ. ਆਈ. ਦੇ ਮੁਖੀ ਰਹੇ। ਜੇ. ਜੇ. ਸਿੰਘ ਆਰਮੀ ਦੇ ਮੁੱਖੀ ਰਹੇ ਅਤੇ ਕੁਲਦੀਪ ਸਿੰਘ ਦੇਸ਼ ਦੇ ਚੀਫ਼ ਜਸਟਿਸ ਰਹੇ ਹਨ। ਇੰਨੀ ਥੋੜੀ ਆਬਾਦੀ ਦੇ ਬਾਵਜੂਦ ਸਿੱਖਾਂ ਨੂੰ ਦੇਸ਼ ਦੀ ਹਰ ਸੰਵਿਧਾਨਕ ਸੰਸਥਾ ’ਚ ਸਰਵਉੱਚ ਅਹੁਦਾ ਹਾਸਲ ਹੋਇਆ ਹੈ ਅਤੇ ਕਿਸੇ ਨੇ ਇਸ ’ਤੇ ਉਂਗਲ ਨਹੀਂ ਉਠਾਈ। ਫਿਰ ਖ਼ਾਲਿਸਤਾਨੀ ਕਿਸ ਮੂੰਹ ਨਾਲ ਬੋਲਦੇ ਹਨ ਕਿ ਭਾਰਤ ’ਚ ਸਿੱਖਾਂ ਨੂੰ ਸਤਿਕਾਰ ਨਹੀਂ ਮਿਲਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।