'ਅੰਬ' ਨੂੰ ਮਿਲੀ Z+ Security ! CCTV ਨਾਲ ਰੱਖੀ ਜਾਂਦੀ ਨਿਗਰਾਨੀ, ਕੀਮਤ ਜਾਣ ਉੱਡ ਜਾਣਗੇ ਹੋਸ਼
Tuesday, Apr 21, 2026 - 12:09 PM (IST)
ਵੈੱਬ ਡੈਸਕ - ਕੀ ਤੁਸੀਂ ਕਦੇ ਸੁਣਿਆ ਹੈ ਕਿ ਫਲਾਂ ਦੀ ਰਾਖੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵਰਗੀ Z+ ਪੱਧਰ ਦੀ ਸੁਰੱਖਿਆ ਤਾਇਨਾਤ ਕੀਤੀ ਗਈ ਹੋਵੇ? ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਅਜਿਹਾ ਹੀ ਅਨੋਖਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੇ ਇਕ ਬਾਗ 'ਚ ਉੱਗਣ ਵਾਲੇ ‘ਮਿਆਜ਼ਾਕੀ’ ਅੰਬਾਂ ਦੀ ਸੁਰੱਖਿਆ ਲਈ 20 ਖ਼ੂੰਖਾਰ ਸ਼ਿਕਾਰੀ ਕੁੱਤੇ, ਹਥਿਆਰਬੰਦ ਗਾਰਡ ਅਤੇ ਦਰਜਨਾਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।
ਇਕ ਕਿਲੋ ਅੰਬ ਦੀ ਕੀਮਤ 'ਚ ਆ ਸਕਦੀ ਹੈ ਲਗਜ਼ਰੀ ਕਾਰ
ਜਬਲਪੁਰ ਤੋਂ ਲਗਭਗ 25 ਕਿਲੋਮੀਟਰ ਦੂਰ ਹਿਨੌਤਾ ਪਿੰਡ 'ਚ ਸੰਕਲਪ ਪਰਿਹਾਰ ਅਤੇ ਉਨ੍ਹਾਂ ਦੀ ਪਤਨੀ ਰਾਣੀ ਸਿੰਘ ਪਰਿਹਾਰ ਦਾ ‘ਸ਼੍ਰੀ ਮਹਾਕਾਲੇਸ਼ਵਰ ਹਾਈਬ੍ਰਿਡ ਫਾਰਮਹਾਊਸ’ ਸਥਿਤ ਹੈ। ਇੱਥੇ ਉਗਾਏ ਜਾਣ ਵਾਲੇ ਜਾਪਾਨੀ ਨਸਲ ਦੇ 'ਮਿਆਜ਼ਾਕੀ' ਅੰਬ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 2.70 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੈ। ਲੋਕ ਮਜ਼ਾਕ 'ਚ ਕਹਿੰਦੇ ਹਨ ਕਿ ਇਹ ਅੰਬ ਖਰੀਦਣ ਲਈ ਫਲਾਂ ਦੀ ਦੁਕਾਨ 'ਤੇ ਨਹੀਂ, ਸਗੋਂ ਬੈਂਕ 'ਚ ਪਰਸਨਲ ਲੋਨ ਲਈ ਅਰਜ਼ੀ ਦੇਣੀ ਪਵੇਗੀ।
ਕਿਉਂ ਪਈ ਇੰਨੀ ਸਖ਼ਤ ਸੁਰੱਖਿਆ ਦੀ ਲੋੜ?
ਇਸ ਭਾਰੀ ਸੁਰੱਖਿਆ ਦੇ ਪਿੱਛੇ ਇਕ ਦਰਦਨਾਕ ਕਹਾਣੀ ਹੈ। ਪਿਛਲੇ ਸਾਲ ਬਾਗ 'ਚ ਚੋਰਾਂ ਨੇ ਹਮਲਾ ਕਰਕੇ ਲੱਖਾਂ ਰੁਪਏ ਦੇ ਅੰਬ ਚੋਰੀ ਕਰ ਲਏ ਸਨ। ਉਸ ਸਮੇਂ ਸੰਕਲਪ ਦੇ ਪਾਲਤੂ ਕੁੱਤਿਆਂ ਨੇ ਚੋਰਾਂ ਦਾ ਮੁਕਾਬਲਾ ਕੀਤਾ ਸੀ, ਜਿਸ 'ਚ ਉਨ੍ਹਾਂ ਦੀ ਇਕ ਮਾਦਾ ਕੁੱਤੀ ‘ਜੈਰੀ’ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਆਪਣੀ ਫ਼ਸਲ ਅਤੇ ਵਫ਼ਾਦਾਰ ਜਾਨਵਰਾਂ ਨੂੰ ਬਚਾਉਣ ਲਈ ਹੁਣ ਇੱਥੇ 17 ਜਰਮਨ ਸ਼ੈਫਰਡ ਅਤੇ 3 ਦੇਸੀ ਸ਼ਿਕਾਰੀ ਕੁੱਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 15 ਤੋਂ ਵੱਧ ਹਾਈ-ਟੈਕ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਰੱਖੀ ਜਾਂਦੀ ਹੈ।
ਕੈਂਸਰ ਨਾਲ ਲੜਨ 'ਚ ਮਦਦਗਾਰ ਹੈ ਇਹ 'ਸੂਰਜ ਦਾ ਆਂਡਾ'
ਜਾਪਾਨੀ ਅੰਬ ‘ਮਿਆਜ਼ਾਕੀ’ ਨੂੰ ‘ਐੱਗ ਆਫ਼ ਸਨ’ (ਸੂਰਜ ਦਾ ਆਂਡਾ) ਵੀ ਕਿਹਾ ਜਾਂਦਾ ਹੈ, ਜੋ ਪੱਕਣ ਤੋਂ ਬਾਅਦ ਗੂੜਾ ਲਾਲ ਅਤੇ ਬੈਂਗਣੀ ਰੰਗ ਦਾ ਹੋ ਜਾਂਦਾ ਹੈ। ਕਰੀਬ 350 ਗ੍ਰਾਮ ਵਜ਼ਨ ਵਾਲੇ ਇਸ ਅੰਬ ਵਿੱਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦਗਾਰ ਮੰਨੇ ਜਾਂਦੇ ਹਨ।
ਬਾਗ 'ਚ ਹਨ ਦੁਨੀਆ ਭਰ ਦੀਆਂ 50 ਕਿਸਮਾਂ
ਸੰਕਲਪ ਪਰਿਹਾਰ ਦੇ 4 ਏਕੜ 'ਚ ਫੈਲੇ ਇਸ ਬਾਗ 'ਚ ਸਿਰਫ਼ ਮਿਆਜ਼ਾਕੀ ਹੀ ਨਹੀਂ, ਸਗੋਂ ਅਫ਼ਗਾਨਿਸਤਾਨ, ਚੀਨ ਅਤੇ ਅਮਰੀਕਾ ਸਮੇਤ ਦੁਨੀਆ ਭਰ ਦੀਆਂ 50 ਤੋਂ ਵੱਧ ਕਿਸਮਾਂ ਮੌਜੂਦ ਹਨ। ਇਨ੍ਹਾਂ 'ਚ ਅਫ਼ਗਾਨਿਸਤਾਨ ਦਾ ਨੂਰਜਹਾਂ (ਜਿਸ ਦਾ ਇੱਕ ਫਲ 5 ਕਿਲੋ ਤੱਕ ਹੋ ਸਕਦਾ ਹੈ), ਚੀਨ ਦਾ ਆਈਵਰੀ ਅਤੇ ਅਮਰੀਕਾ ਦਾ ਬਲੈਕ ਮੈਂਗੋ ਖਾਸ ਖਿੱਚ ਦਾ ਕੇਂਦਰ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੀ ਖੇਤੀ ਪੂਰੀ ਤਰ੍ਹਾਂ ਆਰਗੈਨਿਕ (ਜੈਵਿਕ) ਤਰੀਕੇ ਨਾਲ ਕੀਤੀ ਜਾਂਦੀ ਹੈ।
