ਨੁੱਕੜ ਨਾਟਕ ’ਚ ਭਗਵਾਨ ਸ਼ਿਵ ਦਾ ਰੂਪ ਧਾਰਨ ’ਤੇ ਕਾਰਕੁੰਨ ਗ੍ਰਿਫਤਾਰ
Monday, Jul 11, 2022 - 11:32 AM (IST)

ਗੁਹਾਟੀ– ਆਸਾਮ ਦੇ ਮੋਰੀਗਾਓਂ ’ਚ ਮਹਿੰਗਾਈ ਦੇ ਖਿਲਾਫ ਇਕ ਨੁੱਕੜ ਨਾਟਕ ’ਚ ਭਗਵਾਨ ਸ਼ਿਵ ਦਾ ਰੂਪ ਧਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਾਟਕ ’ਚ ਭਗਵਾਨ ਸ਼ਿਵ ਦੇ ਰੂਪ ’ਚ ਇਕ ਕਾਰਕੁੰਨ ਨੂੰ ਮੋਟਰਸਾਈਕਲ ਦਾ ਪੈਟਰੋਲ ਖਤਮ ਹੋਣ ’ਤੇ ਦੇਵੀ ਪਾਰਵਤੀ ਦਾ ਰੂਪ ਧਾਰਨ ਕਰਨ ਵਾਲੀ ਇਕ ਔਰਤ ਨਾਲ ਬਹਿਸ ਕਰਦੇ ਦਿਖਾਇਆ ਗਿਆ ਸੀ।
ਹਾਲਾਂਕਿ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੁਲਸ ਦੀ ਕਾਰਵਾਈ ਨੂੰ ਨਾ-ਮਨਜ਼ੂਰ ਕਰਦਿਆਂ ਕਿਹਾ ਕਿ ਭਖਦੇ ਮੁੱਦਿਆਂ ’ਤੇ ਨੁੱਕੜ ਨਾਟਕ ਈਸ਼ਨਿੰਦਾ ਨਹੀਂ ਹਨ ਅਤੇ ਜ਼ਿਲਾ ਪੁਲਸ ਨੂੰ ਵਿਅਕਤੀ ਨੂੰ ਰਿਹਾਅ ਕਰਨ ਲਈ ਉਚਿਤ ਨਿਰਦੇਸ਼ ਦਿੱਤੇ ਗਏ ਹਨ। ਨਗਾਓਂ ਦੀ ਪੁਲਸ ਸੁਪਰਡੈਂਟ ਲੀਨਾ ਡੋਲੇ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਅਤੇ ਬਜਰੰਗ ਦਲ ਦੀਆਂ ਦੋ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਕੁੰਨ ਬ੍ਰਿੰਚੀ ਬੋਰਾ ਨੂੰ ਸ਼ਨੀਵਾਰ ਨੂੰ ਜ਼ਮਾਨਤੀ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।