ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤਨੀ ਤੇ ਦੋ ਬੇਟੀਆਂ ’ਤੇ ਸੁੱਟਿਆ ਤੇਜ਼ਾਬ, ਤਿੰਨਾਂ ਦੀ ਹਾਲਤ ਗੰਭੀਰ
Monday, Apr 21, 2025 - 12:57 AM (IST)

ਸ਼ਾਹਜਹਾਂਪੁਰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ਨਿਗੋਹੀ ਥਾਣਾ ਖੇਤਰ ’ਚ ਇਕ ਦਰਦਨਾਕ ਘਟਨਾ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਬੇਟੀਆਂ ’ਤੇ ਤੇਜ਼ਾਬ ਸੁੱਟ ਦਿੱਤਾ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਪੁਲਸ ਅਨੁਸਾਰ ਟਿੱਕਰੀ ਪਿੰਡ ਦੀ ਰਹਿਣ ਵਾਲੀ ਰਾਮਗੁਨੀ (39) ਆਪਣੀਆਂ ਦੋ ਬੇਟੀਆਂ ਨੇਹਾ (16) ਅਤੇ ਰਚਿਤਾ (23) ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ, ਜਦੋਂ ਕਿ ਉਸਦਾ ਪਤੀ ਰਾਮਗੋਪਾਲ ਹਰਦੋਈ ਜ਼ਿਲੇ ਦੇ ਸ਼ਾਹਬਾਦ ’ਚ ਰਹਿੰਦਾ ਹੈ।
ਸ਼ੁੱਕਰਵਾਰ ਰਾਤ ਰਾਮਗੋਪਾਲ ਕੰਧ ਟੱਪ ਕੇ ਘਰ ’ਚ ਦਾਖਲ ਹੋਇਆ ਅਤੇ ਸੁੱਤੀ ਪਈ ਪਤਨੀ ਅਤੇ ਬੇਟੀਆਂ ’ਤੇ ਤੇਜ਼ਾਬ ਸੁੱਟ ਦਿੱਤਾ। ਤਿੰਨੇ ਗੰਭੀਰ ਰੂਪ ’ਚ ਝੁਲਸ ਗਈਆਂ ਅਤੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਰਾਮਗੁਨੀ ਦਾ ਬੇਟਾ ਆਸ਼ੂ ਆਪਣੇ ਦੋਸਤ ਦੇ ਘਰ ਠਹਿਰਿਆ ਹੋਇਆ ਸੀ। ਪੁਲਸ ਅਧਿਕਾਰੀ ਏ. ਐੱਸ. ਪੀ. ਦਵਿੰਦਰ ਕੁਮਾਰ ਨੇ ਦੱਸਿਆ ਕਿ ਆਸ਼ੂ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਮਗੋਪਾਲ ਅਤੇ ਉਸਦੇ ਮਾਮਾ ਗੁੱਡੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।