ਹਰਿਆਣਾ: ਗੁਰੂਗ੍ਰਾਮ ''ਚ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
Wednesday, Feb 22, 2023 - 12:13 PM (IST)

ਗੁਰੂਗ੍ਰਾਮ- ਹਰਿਆਣਾ ਦੇ ਜ਼ਿਲ੍ਹੇ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ 'ਚ ਮੰਗਲਵਾਰ ਨੂੰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇਕ 35 ਸਾਲਾ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕ ਦੀ ਪਛਾਣ ਰਾਹੁਲ ਸੋਲੰਕੀ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਓਧਰ ਰਾਹੁਲ ਦੀ ਭੈਣ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਦੇ ਭਰਾ ਦਾ ਕਤਲ ਕੀਤਾ ਹੈ।
ਰਾਹੁਲ ਦੀ ਭੈਣ ਮੁਤਾਬਕ ਇਹ ਘਟਨਾ ਮੰਗਲਵਾਰ ਦੀ ਰਾਤ 10.15 ਵਜੇ ਸੈਕਟਰ 10 ਇਲਾਕੇ ਦੇ ਸਰਸਵਤੀ ਐਨਕਲੇਵ 'ਚ ਵਾਪਰੀ। ਰਾਹੁਲ ਜੋ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ, ਰਾਤ ਕਰੀਬ 10 ਵਜੇ ਆਪਣੇ ਘਰ ਆਇਆ ਅਤੇ ਉਸ ਨੇ ਆਪਣੀ ਟੈਕਸੀ ਪਾਰਕ ਕੀਤੀ ਅਤੇ ਚੱਲਣ ਲੱਗਾ। ਘਰ ਵੱਲ ਜਾਂਦੇ ਹੋਏ ਤਿੰਨ ਨਕਾਬਪੋਸ਼ ਸਵਾਰਾਂ ਨੇ ਆ ਕੇ ਰਾਹੁਲ 'ਤੇ ਗਲੀ 'ਚ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਕਰੀਬ 13 ਗੋਲੀਆਂ ਮਾਰੀਆਂ ਗਈਆਂ ਹਨ। ਦੂਜੇ ਪਾਸੇ ਮ੍ਰਿਤਕ ਦੀ ਭੈਣ ਨੇ ਆਪਣੇ ਪਤੀ 'ਤੇ ਆਪਣੇ ਭਰਾ ਦੇ ਕਤਲ ਦਾ ਦੋਸ਼ ਲਾਇਆ ਹੈ। ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੇ ਆਧਾਰ 'ਤੇ ਮ੍ਰਿਤਕ ਦੇ ਜੀਜਾ ਨੂੰ ਦੋਸ਼ੀ ਮੰਨਦਿਆਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਬੁੱਧਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਗੁਰਗੇ ਮੁੱਕੇਬਾਜ਼ ਰਿਤਿਕ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ।
ਪੁਲਸ ਨੇ ਕਿਹਾ ਕਿ ਬਿਸ਼ਨੋਈ ਗੈਂਗ ਦੇ ਗੁਰਗੇ ਰਿਤਿਕ ਨੇ ਫੇਸਬੁੱਕ ਪੋਸਟ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਗਸਟਰ ਕੌਸ਼ਲ, ਗੈਂਗਸਟਰ ਬਵਾਨਾ ਅਤੇ ਗੈਂਗਸਟਰ ਬੰਬੀਹਾ ਦੇ ਸਾਥੀਆਂ ਨੂੰ ਵੀ ਇਸੇ ਤਰ੍ਹਾਂ ਮਾਰਿਆ ਜਾਵੇਗਾ। ਇਸ ਫੇਸਬੁੱਕ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਗੁਰੂਗ੍ਰਾਮ ਪੁਲਸ ਇਸ ਮਾਮਲੇ ਦੀ ਗੈਂਗਵਾਰ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।