ਗਲਤ ਢੰਗ ਨਾਲ ਵਰਤਿਆ ਸੈਨੇਟਾਈਜ਼ ਸ਼ਖਸ ਨੂੰ ਪਿਆ ਮਹਿੰਗਾ, ਵਾਪਰਿਆ ਦਰਦਨਾਕ ਹਾਦਸਾ

Tuesday, Mar 31, 2020 - 04:43 PM (IST)

ਰੇਵਾੜੀ-ਕੋਰੋਨਾਵਾਇਰਸ ਦੇ ਵੱਧਦੇ ਖਤਰੇ ਨੂੰ ਰੋਕਣ ਲਈ ਪੂਰੇ ਦੇਸ਼ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਸਾਫ ਸਫਾਈ ਦਾ ਵੀ ਵੱਧ ਤੋਂ ਵੱਧ ਧਿਆਨ ਰੱਖਣ ਲਈ ਕਿਹਾ ਗਿਆ ਹੈ। ਹਦਾਇਤਾਂ ਮੁਤਾਬਕ ਲੋਕਾਂ ਨੂੰ ਹੱਥ ਚੰਗੀ ਤਰ੍ਹਾਂ ਸਾਫ ਕਰਨ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਪਰ ਇਸ ਦੌਰਾਨ ਹਰਿਆਣਾ ਦੇ ਇਕ ਸ਼ਖਸ ਨੂੰ ਸੈਨੇਟਾਈਜ਼ਰ ਦੀ ਵਰਤੋਂ ਗਲਤ ਢੰਗ ਨਾਲ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਪੀੜਤ ਸ਼ਖਸ ਨੂੰ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ। ਗਨੀਮਤ ਨਾਲ ਸ਼ਖਸ ਦੀ ਜਾਨ ਬਚ ਗਈ।

ਦੱਸਣਯੋਗ ਹੈ ਕਿ ਹਰਿਆਣਾ ਦੇ ਰੇਵਾੜੀ ਇਲਾਕੇ ਦਾ ਰਹਿਣ ਵਾਲਾ ਇਕ ਸ਼ਖਸ ਆਪਣੇ ਘਰ ਦੀ ਰਸੋਈ 'ਚ ਮੋਬਾਇਲ ਦੀ ਸਕਰੀਨ ਨੂੰ ਸੈਨੇਟਾਈਜ਼ਰ ਨਾਲ ਸਾਫ ਕਰ ਰਿਹਾ ਸੀ ਅਤੇ ਉਸਦੀ ਪਤਨੀ ਗੈਸ ਚੁੱਲ੍ਹੇ 'ਤੇ ਖਾਣਾ ਬਣਾ ਰਹੀ ਸੀ। ਇਸ ਦੌਰਾਨ ਸੈਨੇਟਾਈਜ਼ਰ ਨੇ ਅੱਗ ਫੜ ਲਈ ਅਤੇ ਜਿਸ ਕਾਰਨ ਸ਼ਖਸ ਦਾ 35 ਫੀਸਦੀ ਸਰੀਰ ਝੁਲਸ ਗਿਆ। ਮੌਕੇ 'ਤੇ ਸ਼ਖਸ ਨੂੰ ਦਿੱਲੀ ਦੇ ਗੰਗਾਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਸ਼ਖਸ ਦੀ ਜਾਨ ਬਚਾ ਲਈ ਗਈ ਪਰ ਉਸ ਦਾ ਚਿਹਰਾ, ਛਾਤੀ, ਪੇਟ ਅਤੇ ਹੱਥ ਸੜ੍ਹ ਗਏ। ਡਾਕਟਰਾਂ ਨੇ ਇਸ ਹਾਦਸੇ ਦਾ ਕਾਰਨ ਦੱਸਿਆ ਹੈ ਕਿ ਮੋਬਾਇਲ ਦੀ ਸਕਰੀਨ ਨੂੰ ਸੈਨੇਟਾਈਜ਼ ਕਰਦਿਆ ਸ਼ਖਸ ਦੇ ਕੁੜਤੇ 'ਤੇ ਸੈਨੇਟਾਈਜ਼ ਡੁੱਲ੍ਹ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। 

ਡਾਕਟਰਾਂ ਨੇ ਦੱਸਿਆ ਹੈ ਕਿ ਸੈਨੇਟਾਈਜ਼ਰ 'ਚ 75 ਫੀਸਦੀ ਤੱਕ ਅਲਕੋਹਲ ਪਾਇਆ ਜਾਂਦਾ ਹੈ ਅਤੇ ਅਲਕੋਹਲ ਜਲਣਸ਼ੀਲ ਹੋਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਲੋਕਾਂ ਨੂੰ ਸਾਵਧਾਨ ਕਰਦੇ ਹੋਏ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜਰੂਰਤ ਤੋਂ ਜ਼ਿਆਦਾ ਸੈਨੇਟਾਈਜ਼ਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਤੇ ਹਰ ਚੀਜ਼ ਨੂੰ ਸੈਨੇਟਾਈਜ਼ ਕਰਨ ਦੀ ਜਰੂਰਤ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਕਰਦੇ ਸਮੇਂ ਅੱਗ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਿਰਸਾ 'ਚ ਔਰਤ ਵੀ ਕੋਰੋਨਾਵਾਇਰਸ ਤੋਂ ਪੀੜਤ, ਜਾਣੋ ਹਰਿਆਣਾ ਦੇ ਕੀ ਹਨ ਹਾਲਾਤ


Iqbalkaur

Content Editor

Related News