9 ਸਾਲ ''ਚ ਕਰਵਾਏ 20 ਵਿਆਹ ਤੇ ਵਿਧਵਾਵਾਂ ਨੂੰ ਬਣਾਇਆ ਨਿਸ਼ਾਨਾ, ਹੁਣ ਚੜ੍ਹਿਆ ਪੁਲਸ ਹੱਥੇ

Sunday, Jul 28, 2024 - 10:27 PM (IST)

9 ਸਾਲ ''ਚ ਕਰਵਾਏ 20 ਵਿਆਹ ਤੇ ਵਿਧਵਾਵਾਂ ਨੂੰ ਬਣਾਇਆ ਨਿਸ਼ਾਨਾ, ਹੁਣ ਚੜ੍ਹਿਆ ਪੁਲਸ ਹੱਥੇ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਪਾਲਘਰ ਪੁਲਸ ਨੇ ਦੇਸ਼ ਭਰ 'ਚ 20 ਤੋਂ ਘੱਟ ਔਰਤਾਂ ਨਾਲ ਵਿਆਹ ਕਰ ਕੇ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਨੱਲਾ ਸੋਪਾਰਾ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਫਿਰੋਜ਼ ਨਿਆਜ਼ ਸ਼ੇਖ ਵਜੋਂ ਹੋਈ ਹੈ, ਜੋ ਕਿ ਵਿਧਵਾ ਔਰਤਾਂ ਨਾਲ ਆਨਲਾਈਨ ਦੋਸਤੀ ਕਰਦਾ ਸੀ ਅਤੇ ਉਨ੍ਹਾਂ ਨਾਲ ਵਿਆਹ ਕਰਵਾ ਕੇ ਧੋਖਾਧੜੀ ਕਰਦਾ ਸੀ।

ਪਾਲਘਰ ਪੁਲਸ ਨੇ ਫਿਰੋਜ਼ ਸ਼ੇਖ ਨੂੰ 23 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਨੱਲਾ ਸੋਪਾਰਾ ਦੀ ਰਹਿਣ ਵਾਲੀ ਔਰਤ ਨੇ ਦੋਸ਼ ਲਾਇਆ ਕਿ ਫਿਰੋਜ਼ ਨੇ ਉਸ ਨਾਲ ਮੈਟਰੀਮੋਨੀਅਲ ਸਾਈਟ 'ਤੇ ਦੋਸਤੀ ਕੀਤੀ ਅਤੇ ਬਾਅਦ 'ਚ ਉਸ ਨਾਲ ਵਿਆਹ ਕਰ ਲਿਆ। ਆਪਣੀ ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਾਇਆ ਸੀ ਕਿ ਅਕਤੂਬਰ ਤੋਂ ਨਵੰਬਰ 2023 ਦਰਮਿਆਨ ਉਸ ਨੇ ਫਿਰੋਜ਼ ਨੂੰ 6.5 ਲੱਖ ਰੁਪਏ ਦਿੱਤੇ ਅਤੇ ਕੀਮਤੀ ਸਾਮਾਨ ਵੀ ਦਿੱਤਾ ਪਰ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਸ ਨਾਲ ਠੱਗੀ ਹੋ ਰਹੀ ਹੈ।

ਪੁਲਿਸ ਨੇ ਜ਼ਬਤ ਕੀਤੇ ਲੈਪਟਾਪ, ਮੋਬਾਈਲ ਅਤੇ ਹੋਰ ਸਾਮਾਨ
ਪਾਲਘਰ ਪੁਲਸ ਦੇ ਸੀਨੀਅਰ ਇੰਸਪੈਕਟਰ ਵਿਜੇ ਸਿੰਘ ਭਾਗਲ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੇ ਸਬੰਧ ਵਿਚ ਆਈਪੀਸੀ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਨੇ ਸ਼ੇਖ ਕੋਲੋਂ ਇੱਕ ਲੈਪਟਾਪ, ਮੋਬਾਈਲ ਫ਼ੋਨ, ਡੈਬਿਟ ਅਤੇ ਕ੍ਰੈਡਿਟ ਕਾਰਡ, ਚੈੱਕਬੁੱਕ ਅਤੇ ਗਹਿਣੇ ਸਮੇਤ ਕਈ ਵਸਤੂਆਂ ਜ਼ਬਤ ਕੀਤੀਆਂ ਹਨ, ਜੋ ਕਿ ਫ਼ਿਰੋਜ਼ ਨੇ ਧੋਖੇ ਨਾਲ ਹਾਸਲ ਕੀਤੀਆਂ ਹਨ।

ਦੇਸ਼ ਭਰ 'ਚ ਕੀਤੇ 20 ਵਿਆਹ
ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਫਿਰੋਜ਼ ਸ਼ੇਖ ਨੇ ਇਕ ਨਹੀਂ, ਦੋ ਨਹੀਂ ਸਗੋਂ 20 ਵਿਆਹ ਕੀਤੇ ਹਨ। ਉਸ ਨੇ ਮਹਾਰਾਸ਼ਟਰ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਹੋਰ ਰਾਜਾਂ ਵਿੱਚ ਵਿਆਹ ਕਰਵਾ ਕੇ ਕਈ ਔਰਤਾਂ ਨਾਲ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਹੈ।

2015 ਤੋਂ ਔਰਤਾਂ ਨਾਲ ਕਰ ਰਿਹਾ ਧੋਖਾਧੜੀ
ਪੁਲਸ ਅਨੁਸਾਰ ਫ਼ਿਰੋਜ਼ ਪਹਿਲਾਂ ਮੈਟ੍ਰੀਮੋਨੀਅਲ ਸਾਈਟਾਂ 'ਤੇ ਖਾਸ ਕਰਕੇ ਵਿਧਵਾ ਔਰਤਾਂ ਨਾਲ ਦੋਸਤੀ ਕਰਦਾ ਸੀ। ਉਨ੍ਹਾਂ ਦਾ ਵਿਸ਼ਵਾਸ ਜਿੱਤਣ ਮਗਰੋਂ  ਤੇ ਉਨ੍ਹਾਂ ਨਾਲ ਵਿਆਹ ਕਰਵਾ ਲੈਂਦਾ। ਇਸ ਤੋਂ ਬਾਅਦ ਉਹ ਉਨ੍ਹਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਤੋਂ ਪੈਸੇ ਲੈ ਕੇ ਕੀਮਤੀ ਸਾਮਾਨ ਲੈ ਲੈਂਦਾ ਸੀ। ਉਹ 2015 ਤੋਂ ਇਸ ਤਰ੍ਹਾਂ ਦੀ ਧੋਖਾਧੜੀ ਕਰ ਰਿਹਾ ਸੀ। ਹਾਲਾਂਕਿ ਹੁਣ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ।


author

Baljit Singh

Content Editor

Related News