ਪੈਸਿਆਂ ਖਾਤਰ ਪਿਉ ਬਣਿਆ ਹੈਵਾਨ, ਦੋ ਲੱਖ 'ਚ ਵੇਚਿਆ, ਤਿੰਨ ਗ੍ਰਿਫਤਾਰ

Friday, Jul 19, 2024 - 09:55 PM (IST)

ਪੈਸਿਆਂ ਖਾਤਰ ਪਿਉ ਬਣਿਆ ਹੈਵਾਨ, ਦੋ ਲੱਖ 'ਚ ਵੇਚਿਆ, ਤਿੰਨ ਗ੍ਰਿਫਤਾਰ

ਜੈਪੁਰ : ਰਾਜਸਥਾਨ ਪੁਲਸ ਨੇ ਨਾਬਾਲਗ ਲੜਕੀ ਦੀ ਤਸਕਰੀ ਦੇ ਮਾਮਲੇ ਵਿਚ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਤਿੰਨ ਸਾਲ ਪਹਿਲਾਂ ਜਦੋਂ ਨਾਬਾਲਗ 11 ਸਾਲ ਦੀ ਸੀ ਤਾਂ ਉਸ ਦੀ ਭੂਆ ਨੇ ਉਸ ਨੂੰ 2 ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਉਹ 14 ਸਾਲ ਦੀ ਉਮਰ ਵਿਚ ਦੋ ਬੱਚਿਆਂ ਦੀ ਮਾਂ ਬਣ ਗਈ ਹੈ। 

ਮੁਰਲੀਪੁਰਾ ਥਾਣੇ ਦੇ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਖਰੀਦਣ ਦੇ ਦੋਸ਼ੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹ ਦੋਵੇਂ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਬਧਵਾਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ 16 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮਾਂ ਨੇ ਗਲਤ ਸੂਚਨਾ ਦੇ ਕੇ ਨਾਬਾਲਗ ਲੜਕੀ ਦਾ ਆਧਾਰ ਕਾਰਡ ਬਣਵਾ ਲਿਆ। ਪੀੜਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸੰਦੀਪ ਨੂੰ ਅੰਬਾਲਾ ਦੀ ਇੱਕ ਸੀਮਿੰਟ ਫੈਕਟਰੀ ਤੋਂ ਅਤੇ ਉਸਦੇ ਪਿਤਾ ਸਤਵੀਰ ਨੂੰ ਚਰਖੀ ਦਾਦਰੀ ਦੇ ਪਿੰਡ ਬਧਵਾਣਾ ਤੋਂ ਗ੍ਰਿਫਤਾਰ ਕੀਤਾ ਹੈ। 

ਪੁਲਸ ਮੁਤਾਬਕ ਲੜਕੀ ਦੇ ਮਾਤਾ-ਪਿਤਾ ਇੱਥੋਂ ਦੇ ਮੁਰਲੀਪੁਰਾ ਇਲਾਕੇ 'ਚ ਰਹਿੰਦੇ ਸਨ ਪਰ ਦੋਵਾਂ 'ਚ ਲੜਾਈ ਹੋਣ ਤੋਂ ਬਾਅਦ ਉਹ ਨੀਮਰਾਣਾ ਸਥਿਤ ਆਪਣੀ ਭੂਆ ਕੋਲ ਚਲੀ ਗਈ। ਭੂਆ ਨੇ ਉਸਦੀ ਦੇਖਭਾਲ ਕਰਨ ਦੀ ਬਜਾਏ ਉਸਨੂੰ 2 ਲੱਖ ਰੁਪਏ ਵਿੱਚ ਹਰਿਆਣਾ ਦੇ ਇੱਕ ਪਰਿਵਾਰ ਨੂੰ ਵੇਚ ਦਿੱਤਾ। ਪੀੜਤਾ 12 ਅਤੇ 14 ਸਾਲ ਦੀ ਉਮਰ 'ਚ ਦੋ ਬੱਚਿਆਂ ਦੀ ਮਾਂ ਬਣੀ। ਪੁਲਸ ਮੁਤਾਬਕ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਆਈਪੀਸੀ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਪੀੜਤਾ ਨੂੰ ਹਰਿਆਣਾ ਵਿਚ ਵੇਚਣ ਵਾਲੀ ਭੂਆ ਨੂੰ ਬਹਿਰੋੜ ਸ਼ਹਿਰ ਤੋਂ ਹਿਰਾਸਤ ਵਿਚ ਲਿਆ ਗਿਆ ਸੀ ਤੇ ਅੱਜ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਅਪਰਾਧ ਭਾਰਤੀ ਨਿਆਂ ਜ਼ਾਬਤਾ (ਬੀਐੱਨਐੱਸ) ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਸੀ ਅਤੇ ਮਾਮਲੇ ਦੀ ਜਾਂਚ ਵਧੀਕ ਪੁਲਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।


author

Baljit Singh

Content Editor

Related News