ਰੋਡ ਸ਼ੋਅ ਦੌਰਾਨ ਤ੍ਰਿਣਮੂਲ ਕਾਂਗਰਸ ’ਤੇ ਵਰ੍ਹੇ ਸ਼ਾਹ, ਕਿਹਾ-ਮਮਤਾ ਹਾਰ ਚੁੱਕੀ ਹੈ ਚੋਣ ਜੰਗ

4/2/2021 7:40:07 PM

 ਬਰੂਈਪੁਰ (ਪੱਛਮੀ ਬੰਗਾਲ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਸਪੱਸ਼ਟ ਤੌਰ ’ਤੇ ਪੱਛਮੀ ਬੰਗਾਲ ’ਚ ਚੋਣ ਜੰਗ ਹਾਰ ਚੁੱਕੀ ਹੈ ਅਤੇ ਸੂਬੇ ’ਚ ਸੱਤਾ ’ਚ ਆਉਣ ਵਾਲੀ ਨਵੀਂ ਭਾਜਪਾ ਸਰਕਾਰ ਦੀ ਪਹਿਲੀ ਮੀਟਿੰਗ ਦੇ ਏਜੰਡੇ ’ਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਮੁੱਦਾ ਚੁੱਕਿਆ ਜਾਵੇਗਾ। ਸ਼ਾਹ ਨੇ ਅੱਜ ਦਿਨ ’ਚ ਦੋ ਰੋਡ ਸ਼ੋਅ ਕੀਤੇ, ਜਿਨ੍ਹਾਂ ’ਚੋਂ ਇਕ ਦੱਖਣੀ 24 ਪਰਗਣਾ ਦੇ ਬਰੂਈਪੁਰ ’ਚ ਅਤੇ ਦੂਜਾ ਹੁਗਲੀ ਜ਼ਿਲ੍ਹੇ ’ਚ ਆਰਾਮਬਾਗ ’ਚ ਸੀ।

ਭਾਜਪਾ ਦੇ ਚੋਟੀ ਦੇ ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜੋ ਫੀਡਬੈਕ ਮਿਲਿਆ ਹੈ, ਉਸ ਦੇ ਅਨੁਸਾਰ ਪਾਰਟੀ ਨੇ ਪਹਿਲਾਂ ਉਨ੍ਹਾਂ 60 ’ਚੋਂ 50 ਸੀਟਾਂ ਜਿੱਤ ਲਈਆਂ ਹਨ, ਜਿਨ੍ਹਾਂ ’ਤੇ ਪਹਿਲੇ ਦੋ ਪੜਾਵਾਂ ’ਚ ਵੋਟਾਂ ਪਈਆਂ ਸਨ ਅਤੇ ਕੁਲ 294 ਸੀਟਾਂ ਵਾਲੀ ਵਿਧਾਨ ਸਭਾ ’ਚ ਉਹ 200 ਸੀਟਾਂ ਜਿੱਤ ਲਵੇਗੀ। ਬਰੂਈਪੁਰ ’ਚ ਆਪਣੇ ਰੋਡ ਸ਼ੋਅ ਦੌਰਾਨ ਉਨ੍ਹਾਂ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਅਸੀਂ ਕੁਲ ਮਿਲਾ ਕੇ 200 ਸੀਟਾਂ ਜਿੱਤ ਲਵਾਂਗੇ।

ਉਨ੍ਹਾਂ ਕਿਹਾ ਕਿ ਸੂਬੇ ’ਚ ਪਾਰਟੀ ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦੇਵੇਗੀ। ਮਮਤਾ ਬੈਨਰਜੀ ਦੇ ਨੰਦੀਗ੍ਰਾਮ ਸੀਟ ਵੱਡੇ ਫਰਕ ਨਾਲ ਜਿੱਤਣ ਦੇ ਦਾਅਵੇ ਬਾਰੇ ਪੁੱਛਣ ’ਤੇ ਸ਼ਾਹ ਨੇ ਕਿਹਾ ਕਿ ਇਹ ਸਾਫ ਹੈ ਕਿ ਉਹ ਚੋਣ ਹਾਰ ਚੁੱਕੀ ਹੈ। ਉਹ ਹੁਣ ਅਜਿਹੇ ਵੱਡੇ ਦਾਅਵੇ ਕਰ ਰਹੀ ਹੈ ਕਿਉਂਕਿ ਉਸ ਕੋਲ ਕੋਈ ਬਦਲ ਨਹੀਂ ਹੈ। ਨੰਦੀਗ੍ਰਾਮ ਸੀਟ ’ਤੇ ਬੈਨਰਜੀ ਦਾ ਮੁਕਾਬਲਾ ਕਿਸੇ ਸਮੇਂ ਉਸ ਦੇ ਸਿਪਾਹਸਾਲਾਰ ਰਹੇ ਸ਼ੁਭੇਂਦੂ ਅਧਿਕਾਰੀ ਨਾਲ ਹੈ, ਜੋ ਇਸ ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ।

ਗਰਮੀ ਦੇ ਬਾਵਜੂਦ ਸੜਕ ਦੇ ਦੋਵੇਂ ਪਾਸੇ ਲੋਕਾਂ ਨੇ ਫੁੱਲਾਂ ਨਾਲ ਸਜੇ ਟਰੱਕ ’ਤੇ ਮੌਜੂਦ ਸ਼ਾਹ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਹੱਥਾਂ ’ਚ ਪਾਰਟੀ ਦੇ ਝੰਡੇ ਫੜੇ ਹੋਏ ਸਨ ਅਤੇ ਪਾਰਟੀ ਕਾਰਕੁਨ ਜੈ ਸ਼੍ਰੀ ਰਾਮ ਤੇ ‘ਆਰ ਨੋਯ ਅੰਨਾਯ’ (ਹੋਰ ਅਨਿਆਂ ਨਹੀਂ) ਦੇ ਨਾਅਰੇ ਲਾ ਰਹੇ ਸਨ। ਬਰੂਈਪੁਰ ਦਾ ਰੋਡ ਸ਼ੋਅ ਇਕ ਕਿਲੋਮੀਟਰ ਲੰਮਾ ਸੀ, ਜਦਕਿ ਆਰਾਮਬਾਗ ਦਾ ਰੋਡ ਸ਼ੋਅ 1.5 ਕਿਲੋਮੀਟਰ ਦਾ ਸੀ।


Anuradha

Content Editor Anuradha