ਹੁਣ ਸਾਰੇ ਦਲਾਂ ਦੀ ਬੈਠਕ ਤੋਂ ਵੀ ਮਮਤਾ ਬੈਨਰਜੀ ਦਾ ਕਿਨਾਰਾ

06/18/2019 3:32:34 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਬੁੱਧਵਾਰ ਨੂੰ ਦਿੱਲੀ 'ਚ ਹੋਣ ਵਾਲੀ ਸਾਰੇ ਦਲਾਂ ਦੀ ਬੈਠਕ 'ਚ ਹਿੱਸਾ ਨਹੀਂ ਲਵੇਗੀ। ਮਮਤਾ ਨੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਉਹ ਸਾਰੇ ਸਿਆਸੀ ਦਲਾਂ ਦੀ ਹੋਣ ਵਾਲੀ ਬੈਠਕ 'ਚ ਹਿੱਸਾ ਲੈਣ ਦੀ ਸਥਿਤੀ 'ਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਯਾਨੀ ਬੁੱਧਵਾਰ ਸ਼ਾਮ ਸਾਰੇ ਸਿਆਸੀ ਦਲਾਂ ਦੀ ਬੈਠਕ ਬੁਲਾਈ ਹੈ। ਇਸ ਬੈਠਕ 'ਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਕਰਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਮਮਤਾ ਬੈਨਰਜੀ ਅਤੇ ਕੇਂਦਰ ਸਰਕਾਰ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਟਕਰਾਅ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਸਾਰੇ ਦਲਾਂ ਦੀ ਬੈਠਕ 'ਚ ਮਮਤਾ ਦੀ ਗੈਰ-ਹਾਜ਼ਰੀ ਇਸ ਗੱਲ ਦਾ ਸੰਕੇਤ ਹੈ ਕਿ ਹਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਲੜਾਈ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਹ ਤੀਜਾ ਮੌਕਾ ਹੈ, ਜਦੋਂ ਪਿਛਲੇ 20 ਦਿਨਾਂ 'ਚ ਮਮਤਾ ਨੇ ਕੇਂਦਰ ਸਰਕਾਰ ਦੇ ਕਿਸੇ ਪ੍ਰੋਗਰਾਮ/ਬੈਠਕ ਦਾ ਬਾਈਕਾਟ ਕੀਤਾ ਹੈ। ਪਿਛਲੇ ਹਫਤੇ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ ਆਯੋਜਿਤ ਨੀਤੀ ਕਮਿਸ਼ਨ ਦੀ ਬੈਠਕ ਦਾ ਵੀ ਉਨ੍ਹਾਂ ਨੇ ਬਾਈਕਾਟ ਕੀਤਾ ਸੀ। ਮਮਤਾ ਨੇ ਪੀ.ਐੱਮ. ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਨੀਤੀ ਕਮਿਸ਼ਨ ਦੀ ਬੈਠਕ 'ਚ ਸ਼ਾਮਲ ਨਹੀਂ ਹੋਵੇਗੀ। ਚਿੱਠੀ 'ਚ ਮਮਤਾ ਨੇ ਲਿਖਿਆ,''ਨੀਤੀ ਕਮਿਸ਼ਨ ਕੋਲ ਕੋਈ ਵਿੱਤੀ ਅਧਿਕਾਰ ਅਤੇ ਰਾਜ ਦੀਆਂ ਯੋਜਨਾਵਾਂ ਨੂੰ ਸਮਰਥਨ ਦੇਣ ਦਾ ਅਧਿਕਾਰ ਨਹੀਂ ਹੈ, ਇਸ ਲਈ ਮੇਰਾ ਬੈਠਕਣ 'ਚ ਆਉਣਾ ਬੇਕਾਰ ਹੈ।''


DIsha

Content Editor

Related News