ਬੰਗਾਲ ਦੇ ਕਲਿਆਣ ਲਈ ਛੂਹ ਸਕਦੀ ਹਾਂ ਮੋਦੀ ਦੇ ਪੈਰ : ਮਮਤਾ ਬੈਨਰਜੀ
Saturday, May 29, 2021 - 06:05 PM (IST)
ਕੋਲਕਾਤਾ- ਭਾਜਪਾ ਦੀ ਅਗਵਾਈ ਵਾਲੀ ਕੇਂਦਰ 'ਤੇ 'ਬਦਲੇ ਦੀ ਰਾਜਨੀਤੀ' ਦਾ ਦੋਸ਼ ਲਗਾਉਂਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਬੁਲਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ਅਤੇ ਸੀਨੀਅਰ ਨੌਕਰਸ਼ਾਹ ਨੂੰ ਕੋਰੋਨਾ ਆਫ਼ਤ ਦੌਰਾਨ ਲੋਕਾਂ ਲਈ ਕੰਮ ਕਰਨ ਦੀ ਮਨਜ਼ੂਰੀ ਦੇਣ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਸਰਕਾਰ ਲਈ ਹਰ ਕਦਮ 'ਤੇ ਮੁਸ਼ਕਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਹਾਲੇ ਵੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਨੂੰ ਪਚਾ ਨਹੀਂ ਸਕੇ ਹਨ। ਬੈਨਰਜੀ ਨੇ ਅੱਗੇ ਕਿਹਾ ਕਿ ਜੇਕਰ ਬੰਗਾਲ ਦੇ ਵਾਧੇ ਅਤੇ ਵਿਕਾਸ ਲਈ ਉਨ੍ਹਾਂ ਨੂੰ ਮੋਦੀ ਦੇ ਪੈਰ ਛੂਹਣ ਲਈ ਕਿਹਾ ਜਾਵੇਗਾ ਤਾਂ ਉਹ ਇਸ ਲਈ ਤਿਆਰ ਹੈ।
ਉਨ੍ਹਾਂ ਕਿਹਾ,''ਕਿਉਂਕਿ ਤੁਸੀਂ (ਮੋਦੀ ਅਤੇ ਸ਼ਾਹ) ਭਾਜਪਾ ਦੀ ਹਾਰ (ਬੰਗਾਲ 'ਚ) ਪਚਾ ਨਹੀਂ ਪਾ ਰਹੇ ਹਨ, ਤੁਸੀਂ ਪਹਿਲੇ ਦਿਨ ਤੋਂ ਸਾਡੇ ਲਈ ਮੁਸ਼ਕਲਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁੱਖ ਸਕੱਤਰ ਦੀ ਕੀ ਗਲਤੀ ਹੈ? ਕੋਰੋਨਾ ਆਫ਼ਤ ਦੌਰਾਨ ਮੁੱਖ ਸਕੱਤਰ ਨੂੰ ਵਾਪਸ ਬੁਲਾਉਣਾ ਦਿਖਾਉਂਦਾ ਹੈ ਕਿ ਕੇਂਦਰ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ।'' ਚੱਕਰਵਾਤ ਨਾਲ ਹੋਏ ਨੁਕਸਾਨ 'ਤੇ ਪ੍ਰਧਾਨ ਮੰਤਰੀ ਦੀ ਸਮੀਖਿਆ ਬੈਠਕ 'ਚ ਮੌਜੂਦ ਨਹੀਂ ਰਹਿਣ ਕਾਰਨ ਹੋ ਰਹੀ ਆਲੋਚਨਾ ਬਾਰੇ ਬੈਨਰਜੀ ਨੇ ਕਿਹਾ,''ਇਹ ਬੈਠਕ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਿਚਾਲੇ ਹੋਣ ਵਾਲੀ ਸੀ। ਭਾਜਪਾ ਨੇਤਾਵਾਂ ਨੂੰ ਇਸ 'ਚ ਕਿਉਂ ਬੁਲਾਇਆ ਗਿਆ?'' ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਕੁਝ ਦਿਨਾਂ ਦੌਰਾਨ ਚੱਕਰਵਾਤ ਦਾ ਸਾਹਮਣਾ ਕਰਨ ਵਾਲੇ ਸੂਬਿਆਂ ਗੁਜਰਾਤ ਅਤੇ ਓਡੀਸ਼ਾ 'ਚ ਹੋਈ ਅਜਿਹੀ ਹੀ ਸਮੀਖਿਆ ਬੈਠਕਾਂ 'ਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।