ਦਿੱਲੀ-ਮਹਾਰਾਸ਼ਟਰ ’ਚ ਭਾਜਪਾ ਨੇ ਜਾਅਲੀ ਵੋਟਰਾਂ ਰਾਹੀਂ ਚੋਣਾਂ ਜਿੱਤੀਆਂ : ਮਮਤਾ
Thursday, Feb 27, 2025 - 08:46 PM (IST)

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਵਿਚ ਹੋਰਨਾਂ ਸੂਬਿਆਂ ਦੇ ਜਾਅਲੀ ਵੋਟਰਾਂ ਦੇ ਨਾਂ ਦਰਜ ਕਰਨ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸੁਧਾਰ ਵਾਲੇ ਕਦਮ ਨਾ ਚੁੱਕੇ ਗਏ ਤਾਂ ਉਹ ਚੋਣ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ।
ਮਮਤਾ ਨੇ ਇਥੇ ਤ੍ਰਿਣਮੂਲ ਕਾਂਗਰਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ’ਤੇ ਵੀ ਸਵਾਲ ਉਠਾਇਅਾ ਅਤੇ ਦੋਸ਼ ਲਗਾਇਆ ਕਿ ਭਾਜਪਾ ਸੰਵਿਧਾਨਕ ਅਥਾਰਿਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਵਿਚ ਕਿਸ ਤਰ੍ਹਾਂ ਹੇਰਾਫੇਰੀ ਕਰ ਰਹੀ ਹੈ, ਇਹ ਬਿਲਕੁਲ ਸਪੱਸ਼ਟ ਹੈ।’’
ਮਮਤਾ ਨੇ ਦੋਸ਼ ਲਗਾਇਆ, ‘‘ਦਿੱਲੀ ਅਤੇ ਮਹਾਰਾਸ਼ਟਰ ਵਿਚ ਭਾਜਪਾ ਨੇ ਹਰਿਆਣਾ ਅਤੇ ਗੁਜਰਾਤ ਦੇ ਜਾਅਲੀ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਾ ਕੇ ਚੋਣਾਂ ਜਿੱਤੀਆਂ ਸਨ। ਪਾਰਟੀ ਹਰਿਆਣਾ ਅਤੇ ਗੁਜਰਾਤ ਤੋਂ ਇਨ੍ਹਾਂ ਜਾਅਲੀ ਵੋਟਰਾਂ ਨੂੰ ਲਿਆਏਗੀ ਅਤੇ ਪੱਛਮੀ ਬੰਗਾਲ ਵਿਚ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਭਾਜਪਾ ਜਾਣਦੀ ਹੈ ਕਿ ਜੇਕਰ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਹੋਈਆਂ ਤਾਂ ਉਹ ਬੰਗਾਲ ਵਿਚ ਚੋਣਾਂ ਕਦੇ ਵੀ ਨਹੀਂ ਜਿੱਤ ਸਕਦੀ।’’ ਤ੍ਰਿਣਮੂਲ ਸੁਪਰੀਮੋ ਨੇ ਕਿਹਾ, ‘‘ਅਸੀਂ ਉਨ੍ਹਾਂ ਜਾਅਲੀ ਵੋਟਰਾਂ ਦੀ ਪਛਾਣ ਕਰਾਂਗੇ, ਜਿਨ੍ਹਾਂ ਨੂੰ ਭਾਜਪਾ ਦੀ ਮਦਦ ਨਾਲ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।’’ ਮਮਤਾ ਬੈਨਰਜੀ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਲ 294 ਵਿਚੋਂ 215 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ।
ਭਾਰਤੀਆਂ ਨੂੰ ਅਮਰੀਕਾ ਤੋਂ ਲਿਆਉਣ ਲਈ ਕੇਂਦਰ ਨੇ ਕਿਉਂ ਨਹੀਂ ਭੇਜੇ ਜਹਾਜ਼?
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਅਮਰੀਕਾ ਤੋਂ ਜੰਜ਼ੀਰਾਂ ’ਚ ਜਕੜੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸ਼ਰਮਨਾਕ ਦੱਸਿਆ ਅਤੇ ਸਵਾਲ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਜਹਾਜ਼ ਕਿਉਂ ਨਹੀਂ ਭੇਜੇ? ਇੱਥੇ ਪਾਰਟੀ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਇਸ ਮੁੱਦੇ ’ਤੇ ਕੇਂਦਰ ਦੀ ਕਥਿਤ ਚੁੱਪ ਦੀ ਆਲੋਚਨਾ ਕੀਤੀ ਅਤੇ ਵਾਪਸੀ ਪ੍ਰਕਿਰਿਆ ਵਿਚ ਮਾਣ-ਸਨਮਾਨ ਕਾਇਮ ਨਾ ਰੱਖੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਨਮਾਨ ਨਾਲ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣੀ ਚਾਹੀਦੀ ਸੀ।