ਸੋਮਨਾਥ ਮੰਦਰ ਵਿਖੇ ਆਇਆ ਸ਼ਰਧਾਲੂਆਂ ਦਾ ਹੜ੍ਹ ! PM ਮੋਦੀ ਨੇ ਵੀ ਕੀਤੀ ਸ਼ਿਰਕਤ, ਡਰੋਨ ਸ਼ੋਅ ਰਿਹਾ ਖਿੱਚ ਦਾ ਕੇਂਦਰ
Sunday, Jan 11, 2026 - 09:29 AM (IST)
ਨੈਸ਼ਨਲ ਡੈਸਕ- ਸੋਮਨਾਥ ਮੰਦਰ ਵਿਖੇ 'ਸੋਮਨਾਥ ਸਵੈਮਾਨ ਪੁਰਬ' ਦੇ ਮੌਕੇ 'ਤੇ ਹਜ਼ਾਰਾਂ ਸ਼ਰਧਾਲੂਆਂ ਦਾ ਹੜ੍ਹ ਉਮੜ ਪਿਆ, ਜਿੱਥੇ ਸ਼ਨੀਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਮੰਦਰ ਵਿੱਚ 'ਓਮਕਾਰ ਮੰਤਰ' ਦਾ ਜਾਪ ਕੀਤਾ, ਦਰਸ਼ਨ ਕੀਤੇ ਅਤੇ 3,000 ਡਰੋਨਾਂ ਦੇ ਇੱਕ ਵਿਸ਼ਾਲ ਸ਼ੋਅ ਦਾ ਅਨੰਦ ਮਾਣਿਆ। ਇਸ ਡਰੋਨ ਸ਼ੋਅ ਵਿੱਚ ਭਗਵਾਨ ਸ਼ਿਵ, ਸ਼ਿਵਲਿੰਗ ਅਤੇ ਸੋਮਨਾਥ ਮੰਦਰ ਦੇ ਇਤਿਹਾਸ ਨੂੰ 3D ਰੂਪ ਵਿੱਚ ਦਿਖਾਇਆ ਗਿਆ।
ਇਹ ਪੁਰਬ ਮਹਿਮੂਦ ਗਜ਼ਨਵੀ ਦੁਆਰਾ ਮੰਦਰ 'ਤੇ ਕੀਤੇ ਗਏ ਹਮਲੇ ਦੇ 1,000 ਸਾਲ ਪੂਰੇ ਹੋਣ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਨੇ ਮੰਦਰ ਦੇ ਮੁੜ ਨਿਰਮਾਣ ਦੀ ਕੋਸ਼ਿਸ਼ ਕੀਤੀ ਸੀ ਅਤੇ 1951 ਵਿੱਚ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ।
ਮੰਦਰ ਦੇ ਰਸਤਿਆਂ ਨੂੰ 'ਤ੍ਰਿਸ਼ੂਲ', 'ਓਮ' ਅਤੇ 'ਡਮਰੂ' ਦੇ ਆਕਾਰ ਦੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਕਿ ਮੁੰਬਈ ਤੋਂ ਭਜਨ ਮੰਡਲੀਆਂ ਅਤੇ ਕਰਨਾਟਕ ਤੋਂ ਲੋਕ ਕਲਾਕਾਰ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ।
सोमनाथ स्वाभिमान पर्व के सुअवसर पर सोमनाथ मंदिर परिसर में भव्यता और दिव्यता से भरा ड्रोन शो देखने का सौभाग्य मिला। इस अद्भुत शो में हमारी प्राचीन आस्था के साथ आधुनिक टेक्नोलॉजी का तालमेल हर किसी को मंत्रमुग्ध कर गया। सोमनाथ की पावन धरा से निकला यह प्रकाशपुंज पूरे विश्व को भारत की… pic.twitter.com/hwKgJsp33T
— Narendra Modi (@narendramodi) January 10, 2026
ਪ੍ਰਧਾਨ ਮੰਤਰੀ ਐਤਵਾਰ ਸਵੇਰੇ 'ਸ਼ੌਰਿਆ ਯਾਤਰਾ' ਵਿੱਚ ਹਿੱਸਾ ਲੈਣਗੇ, ਜਿਸ ਵਿੱਚ 108 ਘੋੜੇ ਵੀ ਸ਼ਾਮਲ ਹੋਣਗੇ ਅਤੇ ਫਿਰ ਪ੍ਰਧਾਨ ਮੰਤਰੀ ਮੋਦੀ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਸੋਮਨਾਥ ਮੰਦਰ 12 ਜਯੋਤਿਰਲਿੰਗਾਂ ਵਿੱਚੋਂ ਇੱਕ ਹੈ। ਇੱਥੇ ਅਜਿਹੀ ਭੀੜ ਪਹਿਲਾਂ ਕਦੇ ਨਹੀਂ ਦੇਖੀ ਗਈ। ਇੱਥੇ 8 ਜਨਵਰੀ ਤੋਂ ਸ਼ੁਰੂ ਹੋਇਆ ਇਹ ਸਮਾਗਮ 11 ਜਨਵਰੀ ਤੱਕ ਜਾਰੀ ਰਹੇਗਾ।
