ਮਾਲੇਗਾਂਵ ਮਾਮਲਾ : ਅਦਾਲਤ ਨੇ ਪੁਰੋਹਿਤ ਦੀ ਰਿੱਟ ਵਿਚਾਰਨ ਲਈ ਕੀਤੀ ਪ੍ਰਵਾਨ
Saturday, Jun 23, 2018 - 09:56 AM (IST)

ਮੁੰਬਈ— ਬੰਬਈ ਹਾਈ ਕੋਰਟ ਨੇ ਅੱਜ ਲੈਫਟੀਨੈਂਟ ਕਰਨਲ ਸ਼੍ਰੀਕਾਂਤ ਪੁਰੋਹਿਤ ਦੀ ਇਕ ਰਿੱਟ ਵਿਚਾਰ ਲਈ ਪ੍ਰਵਾਨ ਕਰ ਲਈ, ਜਿਸ ਵਿਚ ਉਨ੍ਹਾਂ ਹਾਈ ਕੋਰਟ ਅਤੇ ਵਿਸ਼ੇਸ਼ ਅਦਾਲਤ ਦੇ ਉਨ੍ਹਾਂ ਵਿਰੁੱਧ ਮਾਮਲਿਆਂ 'ਚ ਉਨ੍ਹਾਂ ਨੂੰ ਬਰੀ ਨਾ ਕਰਨ ਦੇ ਫੈਸਲਿਆਂ ਨੂੰ ਚੁਣੌਤੀ ਦਿੱਤੀ ਹੈ | 18 ਦਸੰਬਰ 2017 ਨੂੰ ਹਾਈ ਕੋਰਟ ਨੇ ਬੰਬ ਧਮਾਕੇ ਮਾਮਲੇ 'ਚ ਪੁਰੋਹਿਤ ਵਿਰੁੱਧ ਮੁਕੱਦਮਾ ਚਲਾਉਣ ਲਈ ਸਰਕਾਰ ਵਲੋਂ ਦਿੱਤੀ ਗਈ ਇਜਾਜ਼ਤ ਨੂੰ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਸੀ | ਇਸ ਤੋਂ ਪਹਿਲਾਂ ਪਿਛਲੇ ਸਾਲ 27 ਦਸੰਬਰ ਨੂੰ ਵਿਸ਼ੇਸ਼ ਐੱਨ.ਆਈ. ਏ. ਅਦਾਲਤ ਨੇ ਮਾਮਲੇ 'ਚ ਉਨ੍ਹਾਂ ਨੂੰ ਬਰੀ ਕਰਨ ਦੀ ਉਨ੍ਹਾਂ ਦੀ ਰਿੱਟ ਖਾਰਿਜ ਕਰ ਦਿੱਤੀ ਸੀ |
ਪੁਰੋਹਿਤ ਨੇ ਉਦੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਸੁਪਰੀਮ ਕੋਰਟ ਦੇ ਹੁਕਮ ਦੇ ਆਧਾਰ 'ਤੇ ਇਕ ਵਾਰ ਫਿਰ ਹਾਈ ਕੋਰਟ ਦਾ ਰੁਖ ਕੀਤਾ ਸੀ | ਉਨ੍ਹਾਂ ਦਲੀਲ ਦਿੱਤੀ ਸੀ ਕਿ ਮਾਮਲੇ ਵਿਚ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਲਈ ਸਰਕਾਰ ਵਲੋਂ ਦਿੱਤੀ ਗਈ ਇਜਾਜ਼ਤ ਕਾਨੂੰਨਨ ਗਲਤ ਸੀ | ਪੁਰੋਹਿਤ ਵਿਰੁੱਧ ਮੁਕੱਦਮਾ ਚਲਾਉਣ ਲਈ ਪਹਿਲਾਂ ਇਜਾਜ਼ਤ ਦੀ ਲੋੜ ਸੀ ਕਿਉਂਕਿ ਉਹ ਉਸ ਵੇਲੇ ਫੌਜ 'ਚ ਤਾਇਨਾਤ ਸਨ |
ਜਸਟਿਸ ਰਣਜੀਤ ਮੌਰੇ ਅਤੇ ਜਸਟਿਸ ਅਨੁਜਾ ਪ੍ਰਭੂ ਦੇਸਾਈ ਦੀ ਬੈਂਚ ਨੇ ਅੱਜ ਦੀ ਸੁਣਵਾਈ ਦੌਰਾਨ ਰਿੱਟ ਨੂੰ ਵਿਚਾਰਨ ਲਈ ਪ੍ਰਵਾਨ ਕਰ ਲਿਆ ਅਤੇ ਕਿਹਾ ਕਿ ਇਜਾਜ਼ਤ ਸਬੰਧੀ ਦਲੀਲਾਂ 16 ਜੁਲਾਈ ਤੋਂ ਸੁਣੀਆਂ ਜਾਣਗੀਆਂ |