ਮਾਲੇਗਾਓਂ ਧਮਾਕਾ ਮਾਮਲਾ: ਅਦਾਲਤ ਦਾ ਫੈਸਲਾ ‘ਭਗਵਾ ਅੱਤਵਾਦ’ ਕਹਿਣ ਵਾਲਿਆਂ ਦੇ ਮੂੰਹ ’ਤੇ ਚਪੇੜ : ਪ੍ਰਗਿਆ ਠਾਕੁਰ

Monday, Aug 04, 2025 - 05:17 PM (IST)

ਮਾਲੇਗਾਓਂ ਧਮਾਕਾ ਮਾਮਲਾ: ਅਦਾਲਤ ਦਾ ਫੈਸਲਾ ‘ਭਗਵਾ ਅੱਤਵਾਦ’ ਕਹਿਣ ਵਾਲਿਆਂ ਦੇ ਮੂੰਹ ’ਤੇ ਚਪੇੜ : ਪ੍ਰਗਿਆ ਠਾਕੁਰ

ਭੋਪਾਲ, (ਭਾਸ਼ਾ)- ਮਾਲੇਗਾਓਂ ਧਮਾਕਾ ਮਾਮਲੇ ’ਚ ਬਰੀ ਹੋਈ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਐਤਵਾਰ ਕਿਹਾ ਕਿ ਅਦਾਲਤ ਦਾ ਫੈਸਲਾ ਹਿੰਦੂਤਵ ਦੀ ਜਿੱਤ ਹੈ ਅਤੇ ਨਾਲ ਹੀ ਇਸ ਨੂੰ ‘ਭਗਵਾ ਅੱਤਵਾਦ’ ਕਹਿਣ ਵਾਲਿਆਂ ਦੇ ਮੂੰਹ ’ਤੇ ਇਕ ਕਰਾਰੀ ਚਪੇੜ ਵੀ ਹੈ।

ਅਦਾਲਤ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਭੋਪਾਲ ਪਹੁੰਚੀ ਪ੍ਰਗਿਆ ਨੇ ਇੱਥੇ ਰਾਜਾ ਭੋਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਇਹ ਹਿੰਦੂਤਵ ਤੇ ਧਰਮ ਦੀ ਜਿੱਤ ਹੈ, ਭਗਵਾ ਦੀ ਜਿੱਤ ਹੈ। ਸਾਡੇ ਧਰਮ ਗ੍ਰੰਥਾਂ ’ਚ ਵੀ ਕਿਹਾ ਗਿਆ ਹੈ ਕਿ ਸਤਯਮੇਵ ਜਯਤੇ। ਹੁਣ ਇਹ ਸਭ ਕੁਝ ਸਾਬਤ ਹੋ ਚੁੱਕਾ ਹੈ। ਜੋ ਲੋਕ ਇਸ ਨੂੰ ਭਗਵਾ ਅੱਤਵਾਦ ਕਹਿੰਦੇ ਹਨ, ਉਹ ਬਦਨਾਮ ਹੋ ਚੁੱਕੇ ਹਨ।

ਭੋਪਾਲ ਦੀ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਸਮਾਜ ਤੇ ਦੇਸ਼ ਨੇ ਉਨ੍ਹਾਂ ਨੂੰ ਬਹੁਤ ਵਧੀਆ ਜਵਾਬ ਦਿੱਤਾ ਹੈ ਜੋ ਇਸ ਨੂੰ ਭਗਵਾ ਅੱਤਵਾਦ ਕਹਿੰਦੇ ਹਨ। 29 ਸਤੰਬਰ, 2008 ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਮਾਲੇਗਾਓਂ ’ਚ ਹੋਏ ਧਮਾਕੇ ਦੌਰਾਨ 6 ਵਿਅਕਤੀ ਮਾਰੇ ਗਏ ਸਨ ਤੇ 101 ਜ਼ਖਮੀ ਹੋ ਗਏ ਸਨ।

ਵਿਸ਼ੇਸ਼ ਅਦਾਲਤ ਨੇ 30 ਜੁਲਾਈ ਨੂੰ ਪ੍ਰਗਿਆ ਠਾਕੁਰ ਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ 7 ਦੋਸ਼ੀਆਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਸੀ ਕਿ ਉਨ੍ਹਾਂ ਵਿਰੁੱਧ ਕੋਈ ਭਰੋਸੇਯੋਗ ਤੇ ਠੋਸ ਸਬੂਤ ਨਹੀਂ ਹਨ।


author

Rakesh

Content Editor

Related News