ਭਾਰਤ ਨਾਲ ਵਿਵਾਦ, ਡ੍ਰੈਗਨ ਨਾਲ ਪਿਆਰ, ਮਾਲਦੀਵ ਨੇ ਚੀਨ ਨਾਲ ਕੀਤੇ 20 ਵੱਡੇ ਸਮਝੌਤੇ
Thursday, Jan 11, 2024 - 11:05 AM (IST)

ਬੀਜਿੰਗ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣੇ ਮੰਤਰੀਆਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਵਿਵਾਦ ਦਰਮਿਆਨ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਬੁੱਧਵਾਰ ਨੂੰ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਸੈਰ-ਸਪਾਟਾ ਸਹਿਯੋਗ ਸਮੇਤ 20 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਅਤੇ ਆਪਣੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ। ਇੱਥੇ ਦੱਸ ਦੇਈਏ ਕਿ ਹਾਲ ਹੀ 'ਚ ਮਾਲਦੀਵ ਦੇ ਕੁਝ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ ਸੈਲਾਨੀਆਂ ਨੇ ਮਾਲਦੀਵ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ। ਮਾਲਦੀਵ ਸੈਰ-ਸਪਾਟੇ 'ਤੇ ਨਿਰਭਰ ਇਕ ਟਾਪੂ ਦੇਸ਼ ਹੈ।
ਮੁਇਜ਼ੂ ਚੀਨ ਦੇ 5 ਦਿਨਾ ਦੌਰੇ ’ਤੇ ਹਨ। ਰਾਸ਼ਟਰਪਤੀ ਮੁਇਜ਼ੂ ਦਾ ਚੀਨ ’ਚ ਨਿੱਘਾ ਸਵਾਗਤ ਕਰਦਿਆਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਮੁਇਜ਼ੂ ਨੂੰ ਚੀਨ ਦਾ ਸਮਰਥਨ ਕਰਨ ਵਾਲਾ ਨੇਤਾ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਸ਼ੀ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਰਕਾਰੀ ਦਾਅਵਤ ਦਾ ਆਯੋਜਨ ਕੀਤਾ। ਮੁਇਜ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਆਪਣੀ ਪਹਿਲੀ ਰਾਜ ਯਾਤਰਾ 'ਤੇ ਚੀਨ ਆਏ ਹਨ ਅਤੇ ਉਹ ਇਸ ਸਾਲ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਰਾਜ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦੀਆਂ ਹਨ। ਇਕ ਸਰਕਾਰੀ ਸਮਾਚਾਰ ਏਜੰਸੀ ਦੇ ਅਨੁਸਾਰ, ਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਰਾਸ਼ਟਰੀ ਸਥਿਤੀਆਂ ਦੇ ਅਨੁਕੂਲ ਵਿਕਾਸ ਮਾਰਗ ਲੱਭਣ ਵਿੱਚ ਮਾਲਦੀਵ ਦਾ ਸਮਰਥਨ ਕਰਦਾ ਹੈ। ਦੋਵਾਂ ਰਾਸ਼ਟਰਪਤੀਆਂ ਨੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਵੀ ਐਲਾਨ ਕੀਤਾ।
ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ, ''ਮਾਲਦੀਵ ਅਤੇ ਚੀਨ ਦੀਆਂ ਸਰਕਾਰਾਂ ਵਿਚਾਲੇ 20 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਅਤੇ ਇਸ ਮੌਕੇ 'ਤੇ ਦੋਵੇਂ ਰਾਸ਼ਟਰਪਤੀ ਮੌਜੂਦ ਸਨ।'' ਇਨ੍ਹਾਂ ਸਮਝੌਤਿਆਂ 'ਚ ਸੈਰ-ਸਪਾਟਾ ਅਤੇ ਆਫਤ ਦੇ ਖ਼ਤਰੇ 'ਚ ਕਟੌਤੀ, ਸਮੁੰਦਰੀ ਆਰਥਿਕਤਾ, ਡਿਜੀਟਲ ਅਰਥਵਿਵਸਥਾ ਵਿਚ ਨਿਵੇਸ਼ ਨੂੰ ਮਜ਼ਬੂਤ ਕਰਨਾ ਅਤੇ 'ਬੈਲਟ ਐਂਡ ਰੋਡ' ਪਹਿਲਕਦਮੀ ਸ਼ਾਮਲ ਹੈ। ਚੀਨ ਨੇ ਮਾਲਦੀਵ ਨੂੰ ਗ੍ਰਾਂਟ ਸਹਾਇਤਾ ਦੇਣ ਲਈ ਵੀ ਸਹਿਮਤੀ ਦਿੱਤੀ ਹੈ ਪਰ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ। ਮਾਲਦੀਵ ਦੇ ਸੈਰ-ਸਪਾਟਾ ਮੰਤਰਾਲਾ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ 2023 ਵਿੱਚ ਦੇਸ਼ ਲਈ ਸਭ ਤੋਂ ਵੱਡਾ ਸੈਲਾਨੀ ਬਾਜ਼ਾਰ ਬਣਿਆ ਹੋਇਆ ਹੈ। ਪਿਛਲੇ ਸਾਲ ਸਭ ਤੋਂ ਵੱਧ ਭਾਰਤੀ ਸੈਲਾਨੀ 2,09,198 ਮਾਲਦੀਵ ਪਹੁੰਚੇ, ਇਸ ਤੋਂ ਬਾਅਦ 2,09,146 ਰੂਸੀ ਸੈਲਾਨੀ ਅਤੇ 1,87,118 ਚੀਨੀ ਸੈਲਾਨੀ ਆਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।