ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਦੀ ਨੇਵੀ ਨਾਲ ਸਮੁੰਦਰ ਵਿਚ ਉਤਰਿਆ ਭਾਰਤ, ਚੀਨ ਦੀ ਵਧੀ ਬੇਚੈਨੀ
Wednesday, Nov 04, 2020 - 01:45 AM (IST)
ਨਵੀਂ ਦਿੱਲੀ- ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀ ਚੌਕੜੀ ਨੇ ਮੰਗਲਵਾਰ ਨੂੰ ਬੰਗਾਲ ਦੀ ਖਾੜੀ ਵਿਚ ਮਾਲਾਬਾਰ ਮਹਾ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ। 13 ਸਾਲ ਬਾਅਦ ਚਾਰੋ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਪਹਿਲੀ ਵਾਰ ਕਿਸੇ ਮਹਾ ਨੇਵੀ ਅਭਿਆਸ ਵਿਚ ਇਕੱਠੇ ਹਿੱਸਾ ਲੈ ਰਹੀਆਂ ਹਨ। ਇਸੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਵਿਸਤਾਰਵਾਦੀ ਚੀਨ ਦੇ ਲਈ ਇਕ ਵੱਡਾ ਸੰਦੇਸ਼ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਚੀਨ ਨੂੰ ਮਾਲਾਬਾਰ ਅਭਿਆਸ ਦੇ ਟੀਚੇ ਬਾਰੇ ਸ਼ੱਕ ਹੈ। ਉਸ ਨੂੰ ਲੱਗਦਾ ਹੈ ਕਿ ਇਹ ਸਾਲਾਨਾ ਅਭਿਆਸ ਹਿੰਦ ਪ੍ਰਸ਼ਾਂਤ ਖੇਤਰ ਵਿਚ ਉਸ ਦੇ ਅਸਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੈ।
ਮਾਲਾਬਾਰ ਅਭਿਆਸ ਦਾ ਪਹਿਲਾ ਪੜਾਅ ਵਿਸ਼ਾਖਾਪਟਨਮ ਦੇ ਨੇੜੇ ਬੰਗਾਲ ਦੀ ਖਾੜੀ ਵਿਚ ਸ਼ੁਰੂ ਹੋਇਆ ਹੈ। ਇਸ ਦੀ ਸਮਾਪਤੀ 6 ਨਵੰਬਰ ਨੂੰ ਹੋਵੇਗੀ। ਇਸ ਦਾ ਦੂਜਾ ਪੜਾਅ 17-20 ਨਵੰਬਰ ਦੌਰਾਨ ਅਰਬ ਸਾਗਰ ਵਿਚ ਹੋਵੇਗਾ। ਆਸਟ੍ਰੇਲੀਆ ਦੀ ਰੱਖਿਆ ਮੰਤਰੀ ਨੇ ਇਸ ਨੂੰ ਸੁਰੱਖਿਅਤ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਨੂੰ ਸਮਰਥਨ ਦੇਣ ਦਾ ਇਕ ਮਹੱਤਵਪੂਰਨ ਮੌਕਾ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਭਾਰਤ ਵਿਚ ਅਮਰੀਕਾ ਦੇ ਦੂਤਘਰ ਨੇ ਇਸ ਨੂੰ ਹਿੰਦ ਪ੍ਰਸ਼ਾਂਤ ਵਿਚ ਚਾਰਾਂ ਦੇਸ਼ਾਂ ਦੇ ਵਿਚਾਲੇ ਮਜ਼ਬੂਤ ਰੱਖਿਆ ਸਹਿਯੋਗ ਦੇ ਪ੍ਰਤੀ ਵਚਨਬੱਧਤਾ ਨੂੰ ਜ਼ਾਹਿਰ ਕਰਨ ਵਾਲਾ ਦੱਸਿਆ ਹੈ।