‘ਮੇਨ ਇਨ ਇੰਡੀਆ’ ਪਹਿਲ ਨੇ ਆਟੋਮੋਬਾਈਲ ਉਦਯੋਗ ਦੇ ਵਿਕਾਸ ’ਚ ਨਿਭਾਈ ਵੱਡੀ ਭੂਮਿਕਾ : ਮੋਦੀ
Friday, Jan 17, 2025 - 11:59 PM (IST)
ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਟੋਮੋਬਾਈਲ ਖੇਤਰ ਦਾ ਭਵਿੱਖ ਭਾਰਤ ਨਾਲ ਜੁੜਿਆ ਹੈ। ਪਿਛਲੇ ਇਕ ਸਾਲ ’ਚ 2.5 ਕਰੋੜ ਵਾਹਨਾਂ ਦੀ ਵਿਕਰੀ ਤੇ 4 ਸਾਲਾਂ ਵਿਚ 36 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਇ ਸ ਗੱਲ ਦੀ ਪੁਸ਼ਟੀ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਇਥੇ ਭਾਰਤ ਮੰਡਪਮ ਵਿਖੇ ਗਲੋਬਲ ਆਟੋਮੋਬਾਈਲ ਪ੍ਰਦਰਸ਼ਨੀ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ’ 2025 ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਆਟੋਮੋਬਾਈਲ ਖੇਤਰ ਵਿਚ ਵਿਕਾਸ ਅਤੇ ਭਵਿੱਖ ਬਣਾਉਣ ਦੀ ਇੱਛਾ ਰੱਖਣ ਵਾਲੇ ਨਿਵੇਸ਼ਕਾਂ ਲਈ ਇਕ ਮੁੱਖ ਸਥਾਨ ਹੈ। ਇਸ ਸਾਲ 5 ਦਿਨ ਚੱਲਣ ਵਾਲੀ ਪ੍ਰਦਰਸ਼ਨੀ 3 ਥਾਵਾਂ- ਰਾਸ਼ਟਰੀ ਰਾਜਧਾਨੀ ਵਿਚ ਭਾਰਤ ਮੰਡਪਮ ਅਤੇ ਯਸ਼ੋਭੂਮੀ ਅਤੇ ਗ੍ਰੇਟਰ ਨੋਇਡਾ ਵਿਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ ਵਿਚ ਆਯੋਜਿਤ ਕੀਤੀ ਜਾ ਰਹੀ ਹੈ।
ਪ੍ਰਦਰਸ਼ਨੀ ਵਿਚ ਵਾਹਨ, ਪੁਰਜ਼ਿਆਂ ਅਤੇ ਤਕਨਾਲੋਜੀਆਂ ਨਾਲ ਸਬੰਧਤ 100 ਤੋਂ ਵੱਧ ਨਵੇਂ ਉਤਪਾਦ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਾਹਨਾਂ ਦੀ ਪ੍ਰਦਰਸ਼ਨੀ 17 ਤੋਂ 22 ਜਨਵਰੀ ਤੱਕ ਚੱਲੇਗੀ। ਇਸ ਵਿਚ ਇਕੋ ਹੀ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਨਾਲ-ਨਾਲ ਗੱਡੀਆਂ ਨਾਲ ਜੁੜੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ।
ਮੋਦੀ ਨੇ ਕਿਹਾ ਕਿ ਆਟੋਮੋਟਿਵ ਉਦਯੋਗ ਨਵੀਨਤਾ ਅਤੇ ਤਕਨਾਲੋਜੀ ਤੋਂ ਪ੍ਰੇਰਿਤ ਹੈ ਅਤੇ ਇਸ ਖੇਤਰ ਦਾ ਭਵਿੱਖ ਪੂਰਬ, ਏਸ਼ੀਆ ਅਤੇ ਭਾਰਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਸਾਰੇ ਨਿਵੇਸ਼ਕਾਂ ਲਈ ਇਕ ਸ਼ਾਨਦਾਰ ਜਗ੍ਹਾ ਹੈ ਜੋ ਆਵਾਜਾਈ ਖੇਤਰ ਵਿਚ ਆਪਣਾ ਭਵਿੱਖ ਲੱਭ ਰਹੇ ਹਨ।
ਮੋਦੀ ਨੇ ਕਿਹਾ ਕਿ ਸਰਕਾਰ ਹਰ ਸੰਭਵ ਸਹਿਯੋਗ ਦੇ ਰਹੀ ਹੈ ਅਤੇ ਸਾਰਿਆਂ ਨੂੰ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਦੇ ਮੰਤਰ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਆਟੋਮੋਬਾਈਲ ਉਦਯੋਗ ਦੇ ਵਿਕਾਸ ’ਚ ਵੱਡੀ ਭੂਮਿਕਾ ਨਿਭਾਈ ਹੈ। ਪ੍ਰੋਗਰਾਮ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਮਨੋਹਰ ਲਾਲ, ਐੱਚ. ਡੀ. ਕੁਮਾਰਸਵਾਮੀ, ਜੀਤਨ ਰਾਮ ਮਾਂਝੀ ਅਤੇ ਹਰਦੀਪ ਸਿੰਘ ਪੁਰੀ ਸਮੇਤ ਹੋਰ ਮੌਜੂਦ ਸਨ।