ਜਿਊਲਰੀ ਸ਼ਾਪ ''ਚ ਵੱਡੀ ਲੁੱਟ, ਕਰੋੜਾਂ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ, ਵਾਈ-ਫਾਈ ਰਾਊਟਰ ਵੀ ਲੈ ਉੱਡੇ ਲੁਟੇਰੇ
Tuesday, Dec 31, 2024 - 12:57 AM (IST)
ਮੁੰਬਈ : ਮੁੰਬਈ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਹਾਲਕਸ਼ਮੀ ਨੇੜੇ ਸਾਤ ਰਾਸਤਾ ਇਲਾਕੇ ਵਿਚ ਸਥਿਤ ਰਿਸ਼ਭ ਜਿਊਲਰਜ਼ ਨੂੰ ਦਿਨ-ਦਿਹਾੜੇ ਲੁੱਟ ਦਾ ਸ਼ਿਕਾਰ ਬਣਾਇਆ ਗਿਆ। 2 ਵਿਅਕਤੀਆਂ ਨੇ ਗਾਹਕਾਂ ਨੂੰ ਹਥਿਆਰ ਦਿਖਾ ਕੇ 1.91 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ, 15,000 ਰੁਪਏ ਨਕਦ ਅਤੇ ਇਕ ਵਾਈ-ਫਾਈ ਰਾਊਟਰ ਲੁੱਟ ਲਿਆ।
ਮੁਲਜ਼ਮਾਂ ਨੇ ਮਾਲਕ ਅਤੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ, ਉਨ੍ਹਾਂ ਨੂੰ ਬੰਨ੍ਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਆਗ੍ਰੀਪਾਡਾ ਪੁਲਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ, ਜਦਕਿ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਲਈ 5-6 ਟੀਮਾਂ ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਦਿੱਲੀ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, 20 ਹਜ਼ਾਰ ਪੁਲਸ ਮੁਲਾਜ਼ਮ ਗਰਾਊਂਡ 'ਤੇ ਤਾਇਨਾਤ
ਗਾਹਕ ਬਣ ਕੇ ਦੁਕਾਨ ਅੰਦਰ ਵੜੇ ਸਨ ਲੁਟੇਰੇ
ਚਿੰਚਪੋਕਲੀ ਦੇ ਰਹਿਣ ਵਾਲੇ ਵਪਾਰੀ ਭਵਰਲਾਲ ਧਰਮਚੰਦ ਜੈਨ (50) ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਘਟਨਾ ਐਤਵਾਰ ਦੁਪਹਿਰ ਕਰੀਬ 3.30 ਵਜੇ ਵਾਪਰੀ। ਲੁਟੇਰੇ ਗਹਿਣੇ ਖਰੀਦਣ ਦੇ ਬਹਾਨੇ ਸਾਨੇ ਗੁਰੂਜੀ ਮਾਰਗ 'ਤੇ ਲਕਸ਼ਮੀਦਾਸ ਵਾਡੀ ਸਥਿਤ ਦੁਕਾਨ 'ਚ ਦਾਖਲ ਹੋਏ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਉਨ੍ਹਾਂ ਜੈਨ ਅਤੇ ਦੁਕਾਨ ਦੇ ਕਰਮਚਾਰੀ ਪੂਰਨ ਕੁਮਾਰ ਨੂੰ ਬੰਦੂਕ ਅਤੇ ਚਾਕੂ ਨਾਲ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।
ਸੀਸੀਟੀਵੀ ਫੁਟੇਜ ਤੋਂ ਮਿਲੇ ਅਹਿਮ ਸੁਰਾਗ
ਚੋਰੀ ਹੋਏ ਸਾਮਾਨ ਵਿਚ 1.91 ਕਰੋੜ ਰੁਪਏ ਦੇ 2,458 ਗ੍ਰਾਮ ਸੋਨੇ ਦੇ ਗਹਿਣੇ, 1.77 ਲੱਖ ਰੁਪਏ ਦੇ 2,200 ਗ੍ਰਾਮ ਚਾਂਦੀ ਦੇ ਗਹਿਣੇ, 15,000 ਰੁਪਏ ਦੀ ਨਕਦੀ ਅਤੇ ਇਕ ਵਾਈ-ਫਾਈ ਰਾਊਟਰ ਸ਼ਾਮਲ ਹੈ। ਸੂਚਨਾ ਮਿਲਦੇ ਹੀ ਆਗ੍ਰੀਪਾਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ। ਦੁਕਾਨ ਦੇ ਸੀਸੀਟੀਵੀ ਫੁਟੇਜ ਤੋਂ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਅਪਰਾਧ ਸ਼ਾਖਾ ਨੇ ਦੋਸ਼ੀਆਂ ਨੂੰ ਫੜਨ ਲਈ ਸਮਾਨਾਂਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8