ਅਮਰਨਾਥ ਯਾਤਰਾ ਅਤੇ ਕਸ਼ਮੀਰੀਆਂ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਦਿੱਤਾ ਵੱਡਾ ਬਿਆਨ
Sunday, Jul 07, 2019 - 06:00 PM (IST)

ਜੰਮੂ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ ਨੇ ਅਮਰਨਾਥ ਯਾਤਰਾ ਅਤੇ ਕਸ਼ਮੀਰੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰਨਾਥ ਯਾਤਰਾ ਦਾ ਸਮਰਥਨ ਕਰਦੇ ਹਾਂ ਪਰ ਸੁਰੱਖਿਆ ਦੇ ਨਾਮ 'ਤੇ ਕਸ਼ਮੀਰ ਦੇ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਮਰਨਾਥ ਯਾਤਰਾ ਦੇ ਨਾਮ 'ਤੇ ਕਸ਼ਮੀਰੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇੱਥੇ ਦੱਸ ਦੇਈਏ ਕਿ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ 'ਚ ਹੁਣ ਤਕ ਲੱਗਭਗ 80,000 ਦੇ ਕਰੀਬ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। ਜਿਸ ਅੰਦਾਜ ਨਾਲ ਅਮਰਨਾਥ ਯਾਤਰਾ ਲਈ ਪਹਿਲੇ ਹਫਤੇ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਵਧ ਰਹੀ ਹੈ, ਉਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਰਿਕਾਰਡ ਤੋੜ ਸ਼ਰਧਾਲੂ ਪਹੁੰਚਣਗੇ।
ਇਹ ਯਾਤਰਾ 15 ਅਗਸਤ ਤਕ ਚੱਲੇਗੀ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪੁੱਜ ਰਹੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਜਵਾਨ ਤਾਇਨਾਤ ਹਨ। ਆਈ. ਟੀ. ਬੀ. ਪੀ. ਦੇ ਜਵਾਨਾਂ ਵਲੋਂ ਸ਼ਰਧਾਲੂਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਯਾਤਰਾ ਦੌਰਾਨ ਕੁਝ ਸ਼ਰਧਾਲੂਆਂ ਨੂੰ ਸਾਹ ਲੈਣ 'ਚ ਔਖ ਮਹਿਸੂਸ ਹੋਈ, ਜਿਨ੍ਹਾਂ ਨੂੰ ਜਵਾਨਾਂ ਵਲੋਂ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ। 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਅੱਜ ਯਾਨੀ ਕਿ ਐਤਵਾਰ ਨੂੰ 4,773 ਸ਼ਰਧਾਲੂਆਂ ਦਾ 8ਵਾਂ ਜੱਥਾ ਰਵਾਨਾ ਹੋਇਆ।