ਬਰਸੀ ''ਤੇ ਵਿਸ਼ੇਸ਼ :  ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਨਮਨ

01/30/2019 11:50:52 AM

ਨਵੀਂ ਦਿੱਲੀ— 30 ਜਨਵਰੀ 1948 ਦਾ ਦਿਨ ਕਹਿਣ ਨੂੰ ਤਾਂ ਸਾਲ ਦੇ ਬਾਕੀ ਦਿਨਾਂ ਵਰਗਾ ਹੀ ਸੀ ਪਰ ਸ਼ਾਮ ਹੁੰਦੇ-ਹੁੰਦੇ ਇਹ ਇਤਿਹਾਸ ਵਿਚ ਸਭ ਤੋਂ ਦੁਖਦਾਈ ਦਿਨਾਂ ਵਿਚ ਸ਼ੁਮਾਰ ਹੋ ਗਿਆ। ਦਰਅਸਲ 30 ਜਨਵਰੀ 1948 ਦੀ ਸ਼ਾਮ ਨੂੰ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਨਵ ਸੁਤੰਤਰ ਰਾਸ਼ਟਰ ਦੇ ਸਿਰ ਤੋਂ 'ਪਿਤਾ' ਦਾ ਸਾਇਆ ਖੋਹ ਲਿਆ। ਹੈਰਾਨੀ ਦੀ ਗੱਲ ਹੈ ਕਿ ਅਹਿੰਸਾ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਕੇ ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਦਾ ਰਸਤਾ ਦਿਖਾਉਣ ਵਾਲੇ ਮਹਾਤਮਾ ਗਾਂਧੀ ਖੁਦ ਹਿੰਸਾ ਦਾ ਸ਼ਿਕਾਰ ਹੋਏ। ਗਾਂਧੀ ਜੀ ਉਸ ਦਿਨ ਵੀ ਰੋਜ਼ ਵਾਂਗ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਹੇ ਸਨ। ਉਸ ਸਮੇਂ ਗੋਡਸੇ ਨੇ ਉਨ੍ਹਾਂ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਅਤੇ ਸਾਬਰਮਤੀ ਦਾ ਸੰਤ 'ਹੇ ਰਾਮ' ਕਹਿ ਕੇ ਦੁਨੀਆ ਤੋਂ ਵਿਦਾ ਹੋ ਗਿਆ। ਆਪਣੀ ਜੀਵਨ ਕਾਲ ਵਿਚ ਕਿਤੇ ਜ਼ਿਆਦਾ ਇੱਜ਼ਤ ਅਤੇ ਸਨਮਾਨ ਕਾਰਨ ਚਰਚਿੱਤ ਰਹੇ ਮੋਹਨ ਦਾਸ ਕਰਮਚੰਦ ਗਾਂਧੀ ਦਾ ਨਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਵਿਚ ਕਿਤੇ ਜ਼ਿਆਦਾ ਇੱਜ਼ਤ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਗਾਂਧੀ ਜੀ ਨੂੰ ਰਾਸ਼ਟਰਪਿਤਾ ਵੀ ਆਖਿਆ ਜਾਂਦਾ ਹੈ।
ਗਾਂਧੀ ਦਾ ਜਦੋਂ ਵੀ ਕਿਤੇ ਜ਼ਿਕਰ ਹੁੰਦਾ ਹੈ, ਤਾਂ ਉਨ੍ਹਾਂ ਦੀ ਕਿਤਾਬ 'ਦਿ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ' ਵੀ ਚਰਚਾ 'ਚ ਥਾਂ ਬਣਾ ਲੈਂਦੀ ਹੈ। ਆਪਣੀ ਇਸ ਕਿਤਾਬ ਵਿਚ ਉਨ੍ਹਾਂ ਨੇ ਨਿੱਜੀ ਜ਼ਿੰਦਗੀ ਦੀਆਂ ਤਮਾਮ ਗੱਲਾਂ ਦੱਸੀਆਂ। ਗਾਂਧੀ ਜੀ ਦੇ ਵਿਚਾਰ ਸਨ ਕਿ 'ਜੋ ਖੁਦ ਸੋਚਣਾ ਜਾਣਦੇ ਹਨ, ਉਨ੍ਹਾਂ ਨੂੰ ਕਿਸੇ ਅਧਿਆਪਕ ਦੀ ਲੋੜ ਨਹੀਂ ਹੁੰਦੀ।' ਮਹਾਤਮਾ ਗਾਂਧੀ ਕਿਸੇ ਸਾਧਨ ਦੀ ਬਜਾਏ ਪੈਦਲ ਚੱਲਣ ਨੂੰ ਤਰਜੀਹ ਦਿੰਦੇ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਨੇ ਕਈ ਅੰਦੋਲਨ ਵੀ ਕੀਤੇ।

ਨਮਕ ਸੱਤਿਆਗ੍ਰਹਿ ਅੰਦੋਲਨ— ਇਸ ਅੰਦੋਲਨ ਦੌਰਾਨ ਗਾਂਧੀ ਜੀ ਨੇ 24 ਦਿਨਾਂ ਤਕ 16 ਤੋਂ 19 ਕਿਲੋਮੀਟਰ ਪੈਦਲ ਯਾਤਰਾ ਕੀਤੀ। ਨਮਕ ਸੱਤਿਆਗ੍ਰਹਿ ਅੰਦੋਲਨ ਗਾਂਧੀ ਜੀ ਵਲੋਂ ਚਲਾਏ ਗਏ ਅੰਦੋਲਨਾਂ ਵਿਚੋਂ ਇਕ ਸੀ। ਗਾਂਧੀ ਜੀ ਨੇ 12 ਮਾਰਚ 1930 ਵਿਚ ਅਹਿਮਦਾਬਾਦ ਕੋਲ ਸਥਿਤ ਸਾਬਰਮਤੀ ਆਸ਼ਰਮ ਤੋਂ ਦਾਂਡੀ ਪਿੰਡ ਤਕ 24 ਦਿਨਾਂ ਦਾ ਪੈਦਲ ਮਾਰਚ ਕੱਢਿਆ ਸੀ। ਇਹ ਅੰਦੋਲਨ ਗਾਂਧੀ ਜੀ ਵਲੋਂ ਅੰਗਰੇਜ਼ ਸਰਕਾਰ ਦੇ ਨਮਕ ਉੱਪਰ ਟੈਕਸ ਲਾਉਣ ਦੇ ਕਾਨੂੰਨ ਵਿਰੁੱਧ ਸੀ। 6 ਅਪ੍ਰੈਲ 1930 ਨੂੰ ਦਾਂਡੀ ਪਹੁੰਚ ਕੇ ਉਨ੍ਹਾਂ ਨੇ ਸਮੁੰਦਰੀ ਕੰਢੇ 'ਤੇ ਨਮਕ ਕਾਨੂੰਨ ਨੂੰ ਤੋੜਿਆ। 

ਅਸਹਿਯੋਗ ਅੰਦੋਲਨ— 1 ਅਗਸਤ 1920 ਨੂੰ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਸ ਅੰਦੋਲਨ ਜ਼ਰੀਏ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੋ ਭਾਰਤੀ ਉਪਨਿਵੇਸ਼ਵਾਦ ਦਾ ਖਾਤਮਾ ਕਰਨਾ ਚਾਹੁੰਦੇ ਹਨ, ਉਹ ਸਕੂਲਾਂ, ਕਾਲਜਾਂ ਅਤੇ ਅਦਾਲਤਾਂ 'ਚ ਨਾ ਜਾਣ ਅਤੇ ਨਾ ਹੀ ਟੈਕਸ ਚੁਕਾਉਣ। ਇਹ ਇਕ ਤਰ੍ਹਾਂ ਨਾਲ ਅੰਗਰੇਜ਼ਾਂ ਵਿਰੁੱਧ ਭਾਰਤੀਆਂ ਦੀ ਅਸਹਿਯੋਗ ਦੀ ਸ਼ੁਰੂਆਤ ਸੀ। ਗਾਂਧੀ ਜੀ ਦੇ ਇਸ ਅੰਦੋਲਨ ਨੇ ਅੰਗਰੇਜ਼ੀ ਹਕੂਮਤ ਨੂੰ ਹਿੱਲਾ ਕੇ ਰੱਖ ਦਿੱਤਾ ਸੀ। 

ਭਾਰਤ ਛੱਡੋ ਅੰਦੋਲਨ— ਭਾਰਤ ਛੱਡੋ ਅੰਦੋਲਨ ਦੂਜੇ ਵਿਸ਼ਵ ਯੁੱਧ ਦੇ ਸਮੇਂ 9 ਅਗਸਤ 1942 ਨੂੰ ਸ਼ੁਰੂ ਕੀਤਾ ਗਿਆ ਸੀ। 8 ਅਗਸਤ 1942 ਦੀ ਸ਼ਾਮ ਨੂੰ ਬੰਬਈ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਬੰਬਈ ਸੈਸ਼ਨ ਵਿਚ 'ਅੰਗਰੇਜ਼ੋਂ ਭਾਰਤ ਛੱਡੋ' ਦਾ ਨਾਅਰਾ ਦਿੱਤਾ ਗਿਆ ਸੀ। ਹਾਲਾਂਕਿ ਇਸ ਅੰਦੋਲਨ ਕਾਰਨ ਗਾਂਧੀ ਜੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਦੇਸ਼ ਭਰ ਦੇ ਨੌਜਵਾਨ ਨੇ ਹੜਤਾਲਾਂ ਅਤੇ ਤੋੜ-ਭੰਨ ਜ਼ਰੀਏ ਅੰਦੋਲਨ ਚਲਾਉਂਦੇ ਰਹੇ।


Tanu

Content Editor

Related News